-ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ SDM ਮਹਿਲ ਕਲਾਂ ਨੇ ਲਿਆ ਸਖ਼ਤ ਫੈਸਲਾ
ਬਰਨਾਲਾ,13 ਜੂਨ (ਨਿਰਮਲ ਸਿੰਘ ਪੰਡੋਰੀ)-
ਬਲਾਕ ਦਫ਼ਤਰ ਮਹਿਲ ਕਲਾਂ ਅਕਸਰ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਿਹਾ ਹੈ। ਬਲਾਕ ਮਹਿਲ ਕਲਾਂ ਵਿੱਚ ਵੱਖ-ਵੱਖ ਸਮੇਂ ‘ਤੇ ਨਿਯੁਕਤ ਰਹੇ ਕੁਝ ਬੀਡੀਪੀਓਜ਼ ਦੀ ਕਾਰਜਕਾਰੀ ‘ਤੇ ਉਗਲਾਂ ਉਠਦੀਆਂ ਰਹੀਆਂ ਹਨ ਅਤੇ ਕੁਝ ਕੰਮਾਂ ਵਿੱਚ ਕੁਰੱਪਸ਼ਨ ਦੇ ਸਿੱਧੇ ਦੋਸ਼ ਵੀ ਲੱਗਦੇ ਰਹੇ ਹਨ ਪਰੰਤੂ ਖ਼ਬਰਾਂ ਲੱਗਣ ਦੇ ਬਾਵਜੂਦ ਵੀ ਕਿਸੇ ਉੱਚ ਅਧਿਕਾਰੀ ਅਤੇ ਸੱਤਾਧਾਰੀ ਆਗੂ ਨੇ ਮਹਿਲ ਕਲਾਂ ਬਲਾਕ ਦਫ਼ਤਰ ਦੀ ਚਰਚਾ ਵੱਲ ਧਿਆਨ ਨਹੀਂ ਦਿੱਤਾ। ਬੀਡੀਪੀਓ ਦਫ਼ਤਰ ਮਹਿਲਕਲਾਂ ਨਾਲ ਹੀ ਜੁੜਿਆ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਅਨੁਸਾਰ ਪੰਚਾਇਤ ਸੰਮਤੀ ਮਹਿਲ ਕਲਾਂ ਦੀਆਂ ਕੁਝ ਸਾਲ ਪਹਿਲਾਂ ਨਵੀਆਂ ਬਣਾਈਆਂ ਦੁਕਾਨਾਂ ਵਿੱਚੋਂ ਇੱਕ ਦੁਕਾਨ ਕਿਸੇ ਨਿੱਜੀ ਕਾਰਨਾਂ ਕਰਕੇ ਬੋਲੀਕਾਰ ਵੱਲੋਂ ਛੱਡ ਦਿੱਤੀ ਗਈ ਸੀ, ਜੋ ਖਾਲੀ ਹੋ ਗਈ ਸੀ। ਜਿਸ ਦੀ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਦੁਬਾਰਾ ਬੋਲੀ ਕਰਵਾਈ ਜਾਣੀ ਸੀ। ਇਸ ਦੁਕਾਨ ਦੀ ਬੋਲੀ ਕਰਵਾਏ ਜਾਣ ਲਈ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਕਾਰਜ ਸਾਧਕ ਅਫਸਰ ਕਮ ਬੀਡੀਪੀਓ ਮਹਿਲ ਕਲਾਂ ਜ਼ਿੰਮੇਵਾਰ ਹਨ। ਦੁਕਾਨ ਦੀ ਬੋਲੀ ਕਰਵਾਉਣ ਲਈ ਨਿਯਮਾਂ ਮੁਤਾਬਕ ਅਖ਼ਬਾਰਾਂ ਵਿੱਚ ਨੋਟਿਸ ਦੇਣਾ ਅਤੇ ਆਮ ਲੋਕਾਂ ਵਿੱਚ ਪ੍ਰਚਾਰ ਕਰਨਾ ਜ਼ਰੂਰੀ ਹੈ ਪ੍ਰੰਤੂ ਬੀਡੀਪੀਓ ਨੇ ਆਪਣੇ ਕਿਸੇ ਚਹੇਤੇ ਨੂੰ ਦੁਕਾਨ ਦੇਣ ਦੀ ਮਨਸ਼ਾ ਨਾਲ ਦੁਕਾਨ ਦੀ ਬੋਲੀ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਚੁੱਪ ਚੁਪੀਤੇ 11 ਜੂਨ ਦੀ ਬੋਲੀ ਰੱਖ ਲਈ, ਜਦੋਂ ਇਹ ਮਾਮਲਾ ਕਿਸੇ ਨੇ ਐਸਡੀਐਮ ਮਹਿਲ ਕਲਾਂ ਸ਼੍ਰੀਮਤੀ ਕ੍ਰਿਤਕਾ ਗੋਇਲ ਦੇ ਧਿਆਨ ਵਿਚ ਲਿਆਂਦਾ ਤਾਂ ਉਹਨਾਂ ਬੀਡੀਪੀਓ ਨੂੰ ਆਪਣੇ ਦਫ਼ਤਰ ਬੁਲਾ ਕੇ ਬਿਨਾਂ ਨਿਯਮਾਂ ਤੋਂ ਰੱਖੀ ਦੁਕਾਨ ਦੀ ਬੋਲੀ ਤੁਰੰਤ ਰੱਦ ਕਰਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ 11 ਜੂਨ ਨੂੰ ਰੱਖੀ ਦੁਕਾਨ ਦੀ ਬੋਲੀ ਰੱਦ ਕੀਤੀ ਗਈ ਅਤੇ ਹੁਣ ਇਹ ਬੋਲੀ ਦੁਬਾਰਾ ਨਿਯਮਾਂ ਮੁਤਾਬਕ ਕੀਤੀ ਜਾਵੇਗੀ। ਸਵਾਲ ਖੜੇ ਹੁੰਦੇ ਹਨ ਕਿ ਬੀਡੀਪੀਓ ਨੇ ਪਹਿਲਾਂ ਬੋਲੀ ਨਿਯਮਾਂ ਤੋਂ ਬਾਹਰ ਜਾ ਕੇ ਕਿਉਂ ਰੱਖੀ ? ਸ਼ਾਇਦ ਦਾਲ ਵਿੱਚ ਕੁਝ ਕਾਲਾ ਸੀ ਪ੍ਰੰਤੂ ਇਮਾਨਦਾਰ ਆਈਏਐਸ ਅਫਸਰ ਸ੍ਰੀਮਤੀ ਕ੍ਰਿਤਿਕਾ ਗੋਇਲ ਨੇ ਬੀਡੀਪੀਓ ਦੀ ਦਾਲ ਹੀ ਡੋਲ ਦਿੱਤੀ। ਇਥੇ ਇਹ ਵੀ ਦੱਸ ਦੇਈਏ ਕਿ ਇਸ ਦੁਕਾਨ ਦੀ ਬੋਲੀ ਕਰਵਾਉਣ ਲਈ ਨਿਯਮਾਂ ਨੂੰ ਛਿੱਕੇ ‘ਤੇ ਟੰਗਣ ਦੀ ਪ੍ਰਕਿਰਿਆ ਮਹਿਲ ਕਲਾਂ ਤੋਂ ਬਦਲ ਚੁੱਕੇ ਬੀਡੀਪੀਓ ਨੇ ਸ਼ੁਰੂ ਕੀਤੀ ਸੀ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਤੋਂ ਬਾਅਦ ਨਵੇਂ ਆਏ ਬੀਡੀਪੀਓ ਨੇ ਨਿਯਮਾਂ ਨੂੰ ਅੱਖਾਂ ਪਰੋਖੇ ਕਰਕੇ ਰੱਖੀ ਦੁਕਾਨ ਦੀ ਬੋਲੀ ਦੀ ਇਹ ਪ੍ਰਕਿਰਿਆ ਜਾਰੀ ਰੱਖੀ ਅਤੇ 11 ਜੂਨ ਨੂੰ ਗ਼ਲਤ ਤਰੀਕੇ ਨਾਲ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਆਖ਼ਿਰ ! ਪੁਰਾਣੇ ਬੀਡੀਪੀਓ ਵੱਲੋਂ ਨਿਯਮਾਂ ਨੂੰ ਅੱਖੇ ਪਰੋਖੇ ਕਰਕੇ ਕੀਤੀ ਜਾ ਰਹੀ ਦੁਕਾਨ ਦੀ ਬੋਲੀ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ ਨਵੇਂ ਬੀਡੀਪੀਓ ਦੀ ਕੀ ਮਜ਼ਬੂਰੀ ਸੀ ?