Gee 98News

“ਆਪ” ਦੇ ਦੋ ਧਾਕੜ ਆਗੂਆਂ ਦੀਆਂ ਪਤਨੀਆਂ ਦਾਅਵੇਦਾਰ

ਬਰਨਾਲਾ,13 ਜੂਨ, (ਨਿਰਮਲ ਸਿੰਘ ਪੰਡੋਰੀ)-

-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਮੈਨ ਦੀ ਚੋਣ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦਾ ਮਾਹੌਲ “ਸਭ ਅੱਛਾ ਨਹੀਂ ਹੈ” ਵਾਲਾ ਬਣ ਚੁੱਕਿਆ ਹੈ। ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਦੀ ਚੋਣ ਲਈ ਅੱਜ ਮੈਂਬਰਾਂ ਦੀ ਮੀਟਿੰਗ ਰੱਖੀ ਗਈ ਸੀ ਜੋ ਚੇਅਰਮੈਨ ਦੀ ਚੋਣ ਕੀਤੇ ਬਿਨਾਂ ਰੱਦ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਚੇਅਰਮੈਨ ਦੀ ਚੋਣ ਲਈ ਇਹ ਦੂਜੀ ਮੀਟਿੰਗ ਸੀ, ਇਸ ਤੋਂ ਪਹਿਲੀ ਮੀਟਿੰਗ ਵੀ ਬਿਨਾਂ ਕਿਸੇ ਨਤੀਜੇ ਤੋਂ ਰੱਦ ਕਰ ਦਿੱਤੀ ਗਈ ਸੀ ਜਿਸ ਵਿੱਚ ਚੇਅਰਮੈਨ ਦੀ ਚੋਣ ‘ਤੇ ਸਹਿਮਤੀ ਨਹੀਂ ਹੋ ਸਕੀ ਸੀ। ‌ਸੂਤਰਾਂ ਅਨੁਸਾਰ ਅੱਜ ਵੀ ਆਮ ਆਦਮੀ ਪਾਰਟੀ ਦੇ ਚੁਣੇ ਗਏ ਮੈਂਬਰ ਆਪਣੇ ਚੇਅਰਮੈਨ ਦਾ ਫੈਸਲਾ ਨਹੀਂ ਕਰ ਸਕੇ। ‌ ਦੱਸ ਦੇਈਏ ਕਿ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਮੈਨ ਦੀ ਦੌੜ ਵਿੱਚ ਆਮ ਆਦਮੀ ਪਾਰਟੀ ਦੇ ਦੋ ਧਾਕੜ ਆਗੂਆਂ ਦੀਆਂ ਪਤਨੀਆਂ ਮੈਦਾਨ ਵਿੱਚ ਹਨ ਜਿਨਾਂ ਵਿੱਚ ਮਹਿਲ ਕਲਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਸਰਬਜੀਤ ਸਿੰਘ ਸ਼ੰਭੂ ਦੀ ਧਰਮਪਤਨੀ ਅਤੇ ਠੁੱਲੀਵਾਲ ਜੋਨ ਤੋਂ ਰਮਨਦੀਪ ਦੀਪੀ ਗੁੰਮਟੀ ਦੀ ਧਰਮ ਪਤਨੀ ਮੁਕਾਬਲੇ ਵਿੱਚ ਹੈ। ਭਾਵੇਂ ਕਿ ਇਸ ਗੱਲ ਦੀ ਪੁਸ਼ਟੀ ਤਾਂ ਕਿਸੇ ਆਪ ਆਗੂ ਨੇ ਨਹੀਂ ਕੀਤੀ ਪ੍ਰੰਤੂ ਚਰਚਾ ਜ਼ਰੂਰ ਹੈ ਕਿ ਮਹਿਲਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਦੀ ਧਰਮ ਪਤਨੀ ਨੂੰ ਹਲਕਾ ਵਿਧਾਇਕ ਦੀ ਹਮਾਇਤ ਪ੍ਰਾਪਤ ਹੈ ਜਦੋਂ ਕਿ ਰਮਨਦੀਪ ਦੀਪੀ ਗੁੰਮਟੀ ਦੀ ਧਰਮ ਪਤਨੀ ਨੂੰ ਪਾਰਟੀ ਹਾਈ ਮਕਮਾਨ ਦਾ ਥਾਪੜਾ ਹੈ। ‌ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਇਹ ਚੋਣ ਦੂਜੀ ਵਾਰ ਰੱਦ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ। ਚੇਅਰਮੈਨ ਦੀ ਚੋਣ ਲਈ ਦੂਜੀ ਵਾਰ ਮੀਟਿੰਗ ਰੱਦ ਹੋਣ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪ੍ਰੰਤੂ ਇਸ ਸਪੱਸ਼ਟ ਹੈ ਕਿ ਚੇਅਰਮੈਨ ਦੀ ਚੋਣ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ‘ਚ ਮੱਤਭੇਦ ਹਨ ਜਿਨਾਂ ਨੂੰ ਦੂਰ ਕਰਕੇ ਹੀ ਪਾਰਟੀ ਚੇਅਰਮੈਨ ਦੀ ਚੋਣ ਕਰਨਾ ਚਾਹੁੰਦੀ ਹੈ।

Gee98 Ads

Leave a Reply

Your email address will not be published. Required fields are marked *

error: Content is protected !!