Gee 98News

ਪਿੰਡ ਕਲਾਲਮਾਜਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਨੌਜਵਾਨਾਂ ਦੀ ਸਮਾਜ ਸੇਵਾ ਦੀ ਭਾਵਨਾ ਬਣੀ ਲੋਕਾਂ ਲਈ ਪ੍ਰੇਰਣਾ

ਮਹਿਲ ਕਲਾਂ, 18 ਜੂਨ ( Gee98 news service) –

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਕਲਾਲ ਮਾਜਰਾ ਵਿਖੇ ਧਾਰਮਿਕ ਸ਼ਰਧਾ, ਮਨੁੱਖਤਾ ਦੀ ਸੇਵਾ ਅਤੇ ਸਮਾਜਕ ਏਕਤਾ ਦਾ ਸ਼ਾਨਦਾਰ ਪ੍ਰਗਟਾਵਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੋੜਵੰਦ ਪਰਿਵਾਰਾਂ ਦੀ ਸੇਵਾ ਲਈ ਸਮਰਪਿਤ 1313 ਸੰਸਥਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਉਪਰਾਲੇ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਰਾਜਵਿੰਦਰ ਸਿੰਘ ਕਲਾਲ ਮਾਜਰਾ ਨੇ ਕੀਤੀ। ਪਿੰਡ ਕਲਾਲ ਮਾਜਰਾ ਤੋਂ ਧਨੇਰ ਨੂੰ ਜਾਂਦੀ ਲਿੰਕ ਸੜਕ ’ਤੇ ਲਗਾਈ ਗਈ ਇਸ ਛਬੀਲ ਦੌਰਾਨ ਨੌਜਵਾਨ ਸੇਵਾਦਾਰਾਂ ਨੇ ਆਉਣ-ਜਾਣ ਵਾਲੇ ਰਾਹਗੀਰਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਛਕਾਇਆ। ਭਾਰੀ ਗਰਮੀ ਦੇ ਮੌਸਮ ਵਿੱਚ ਕੀਤੀ ਗਈ ਇਹ ਸੇਵਾ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਈ ਅਤੇ ਹਰ ਵਰਗ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪੰਚ ਜਗਜੀਵਨ ਸਿੰਘ ਸਰੋਏ, ਪੰਚ ਫਿਰੋਜ਼ ਖਾਨ, ਹਰਬੰਸ ਸਿੰਘ, ਜਸਵਿੰਦਰ ਸਿੰਘ, ਚੰਨਾ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਬੱਬੀ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਅੱਜ ਵੀ ਸਮਾਜ ਲਈ ਮਾਰਗਦਰਸ਼ਕ ਹੈ। ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਕਲਾਲ ਮਾਜਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦਾ ਸਮਾਜ ਸੇਵਾ, ਵਾਤਾਵਰਨ ਸੰਭਾਲ, ਨਸ਼ਾ ਵਿਰੋਧੀ ਮੁਹਿੰਮਾਂ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ।

Gee98 Ads

                                                           ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਨੂੰ ਮਨੁੱਖਤਾ ਦੀ ਸੇਵਾ, ਸਹਿਣਸ਼ੀਲਤਾ ਅਤੇ ਲੋਕ ਭਲਾਈ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸ਼ਹੀਦੀ ਦਿਹਾੜੇ ਮੌਕੇ ਛਬੀਲ ਲਗਾ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਾਂਝ, ਭਾਈਚਾਰਕ ਏਕਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਜਿਹੇ ਸੇਵਾ ਕਾਰਜ ਸਫਲ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵੱਲੋਂ ਹੋਰ ਸਮਾਜ ਭਲਾਈ ਅਤੇ ਮਨੁੱਖਤਾ ਦੀ ਸੇਵਾ ਨਾਲ ਸਬੰਧਤ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਖਜਾਨਚੀ ਸਤਪਾਲ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਸੇਵਕ ਸਿੰਘ, ਕਾਲਾ ਸਿੰਘ, ਮਨਪ੍ਰੀਤ ਸਿੰਘ, ਫੌਜੀ ਹਰਚਰਨ ਸਿੰਘ, ਅਜਮੇਰ ਸਿੰਘ, ਭੁਪਿੰਦਰ ਪਾਲ ਸਿੰਘ, ਸਿੰਦਾ ਸਿੰਘ, ਹਰਜੀਤ ਸਿੰਘ, ਰਵਨੀ ਸਿੰਘ, ਗੁਰਪ੍ਰੀਤ ਸਿੰਘ, ਗੁਰਮੁਖ ਸਿੰਘ, ਕਿਰਪਾਲ ਸਿੰਘ, ਜੱਸੀ ਸਿੰਘ, ਬਿੰਦਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸੋਢਾ ਚੇਤ ਸਿੰਘ, ਸੰਦੀਪ ਸਿੰਘ, ਸੇਵਕ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ, ਗ੍ਰੰਥੀ ਅਮਰੀਕ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:ਪਿੰਡ ਕਲਾਲਮਾਜਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਦੌਰਾਨ ਸੇਵਾ ਨਿਭਾਉਂਦੇ ਨੌਜਵਾਨ ਅਤੇ ਪਿੰਡ ਵਾਸੀ

error: Content is protected !!