Gee 98News

ਪਿੰਡ ਛਾਪਾ (ਬਰਨਾਲਾ) ਵਿਖੇ ਸੁੰਦਰ ਦਸਤਾਰ ਮੁਕਾਬਲੇ ਨਾਲ ਹੋਈ ਮੁਫ਼ਤ ਦਸਤਾਰ ਸਿਖਲਾਈ ਕੈਂਪ ਦੀ ਸਮਾਪਤੀ

-ਦਸਤਾਰ ਵਿਲੱਖਣ ਪਛਾਣ, ਸਵੈ-ਮਾਣ ਅਤੇ ਗੁਰੂ ਦੀ ਅਨਮੋਲ ਦਾਤ- ਕੋਚ ਜਸਪਿੰਦਰ ਸਿੰਘ

ਮਹਿਲ ਕਲਾਂ,1 ਜੁਲਾਈ ‌( ਜਸਵੰਤ ਸਿੰਘ ਲਾਲੀ)-

ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਸਪਿੰਦਰ ਸਿੰਘ (ਦਸਤਾਰ ਕੋਚ) ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦਿਓਲ ਪੱਤੀ, ਪਿੰਡ ਛਾਪਾ (ਜ਼ਿਲ੍ਹਾ ਬਰਨਾਲਾ) ਵਿਖੇ ਚੱਲ ਰਿਹਾ ਇੱਕ ਹਫ਼ਤੇ ਦੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਹ ਕੈਂਪ ਸਫਾਈ ਸੇਵਾ ਕਲੱਬ, ਪਿੰਡ ਛਾਪਾ ਦੇ ਵਿਸ਼ੇਸ਼ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸੁੰਦਰ ਦਸਤਾਰ ਮੁਕਾਬਲੇ ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੂਸਰਾ ਅਤੇ ਰਣਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਬੱਚਿਆਂ ਨੂੰ ਨਗਦ ਇਨਾਮ ਅਤੇ ਸੁੰਦਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਦਸਤਾਰ ਦੀ ਪੂਰੀ ਕਿੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਸਪਿੰਦਰ ਸਿੰਘ ਨੇ ਕਿਹਾ ਕਿ ਦਸਤਾਰ ਸਿਰਫ਼ ਸਿਰ ਦਾ ਕੱਪੜਾ ਨਹੀਂ, ਸਿੱਖ ਦੀ ਵਿਲੱਖਣ ਪਛਾਣ, ਸਵੈ-ਮਾਣ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਅਨਮੋਲ ਦਾਤ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦਸਤਾਰ ਅਤੇ ਸਿੱਖੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਮਕਸਦ ਬੱਚਿਆਂ ਵਿੱਚ ਦਸਤਾਰ ਪ੍ਰਤੀ ਪਿਆਰ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ।
                                                           ਇਸ ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਜੀ, ਖ਼ਜ਼ਾਨਚੀ ਕੌਰ ਸਿੰਘ ਜੀ, ਹੈੱਡ ਗ੍ਰੰਥੀ ਧਰਮਪਾਲ ਸਿੰਘ ਜੀ, ਸਫਾਈ ਸੇਵਾ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਅਤੇ ਸਫਾਈ ਸੇਵਾ ਕਲੱਬ ਦੇ ਸਮੂਹ ਸੇਵਾਦਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਫਾਈ ਸੇਵਾ ਕਲੱਬ ਵੱਲੋਂ ਦਸਤਾਰ ਕੋਚ ਜਸਪਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਜਸਪਿੰਦਰ ਸਿੰਘ ਨੇ ਸਫਾਈ ਸੇਵਾ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦਾ ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਦਸਤਾਰ ਸਿਖਲਾਈ ਕੈਂਪ ਲਗਾ ਕੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਸੰਕਲਪ ਦੁਹਰਾਇਆ।

Gee98 Ads
error: Content is protected !!