Skip to main content

Gee 98News

ਲੋਕਾਂ ਦੀਆਂ ਹੱਥ ‘ਚ ਤੇ ਆਪਣੀਆਂ ਕੱਛ ‘ਚ… ਜੇਲ੍ਹ ‘ਚ ਬੈਠਾ ਵੀ ਮੰਤਰੀ ਵਾਲੀ ਤਨਖਾਹ ਲੈ ਰਿਹੈ ‘ਆਪ’ ਵਿਧਾਇਕ

ਚੰਡੀਗੜ੍ਹ,4 ਜੁਲਾਈ, Gee98 News service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟੇਜਾਂ ‘ਤੇ ਉਝ ਤਾਂ ਪਹਿਲਾਂ ਵਾਲੇ ਮੁੱਖ ਮੰਤਰੀਆਂ ਦੇ ਕੁਝ ਕੰਮਾਂ ਨੂੰ ਪੰਜਾਬ ਵਿਰੋਧੀ ਦੱਸਦੇ ਹੋਏ ਪਿਛਲੇ ਮੁੱਖ ਮੰਤਰੀਆਂ ਨੂੰ ਪਾਣੀ ਪੀ-ਪੀ ਕੇ ਕੋਸਿਆ ਜਾਂਦਾ ਹੈ ਪ੍ਰੰਤੂ ਖੁਦ ਭਗਵੰਤ ਮਾਨ ਦੀ ਸਰਕਾਰ ਵੱਲੋਂ ਇੱਕ ਅਜਿਹਾ ਕੰਮ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਕੋਈ ਜਵਾਬ ਤੱਕ ਵੀ ਨਹੀਂ ਦਿੱਤਾ ਜਾਂਦਾ ਅਤੇ ਇਹ ਕੰਮ ਸਿੱਧੇ ਤੌਰ ‘ਤੇ ਪੰਜਾਬ ਦੇ ਖਜ਼ਾਨੇ ਨੂੰ ਬਿਨਾਂ ਕਿਸੇ ਕਾਰਨ ਤੋਂ ਹੀ ਚੂਨਾ ਲਗਾਉਣ ਵਾਲਾ ਹੈ। ਆਮ ਆਦਮੀ ਪਾਰਟੀ ਦਾ ਇੱਕ ਵੱਡਾ ਆਗੂ ਅਤੇ ਵਿਧਾਇਕ ਜੇਲ੍ਹ ਵਿੱਚ ਬੈਠਾ ਹੀ ਤਨਖ਼ਾਹ ਲੈ ਰਿਹਾ ਹੈ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਵੀ ਲੈ ਰਿਹਾ ਹੈ, ਇਥੋਂ ਤੱਕ ਕਿ ਸਰਕਾਰ ਵੱਲੋਂ ਉਸ ਨੂੰ ਦਿੱਤਾ ਦਫਤਰ ਅਤੇ ਸਟਾਫ਼ ਵੀ ਬਿਨਾਂ ਕਿਸੇ ਕੰਮ ਤੋਂ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲੈ ਰਿਹਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸੰਜੀਵ ਅਰੋੜਾ ਨੂੰ ਅਜੇ ਤੱਕ ਵੀ ਮੰਤਰੀ ਵਾਲੀ ਤਨਖਾਹ ਦਿੱਤੀ ਜਾ ਰਹੀ ਹੈ। ਇਹ ਮਾਮਲਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਸੰਬੰਧਿਤ ਹੈ ਜਿਹੜੇ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ। ਪੰਜਾਬ ਸਰਕਾਰ ਨੇ ਭਾਵੇਂ ਕਿ ਸੰਜੀਵ ਅਰੋੜਾ ਦੇ ਸਾਰੇ ਵਿਭਾਗ ਹੋਰ ਮੰਤਰੀਆਂ ‘ਚ ਵੰਡ ਦਿੱਤੇ ਹਨ ਪ੍ਰੰਤੂ ਸੰਜੀਵ ਅਰੋੜਾ ਦਾ ਕੈਬਨਿਟ ਮੰਤਰੀ ਦਾ ਰੁਤਬਾ ਅਜੇ ਵੀ ਜਿਉਂ ਦੀ ਤਿਉਂ ਕਾਇਮ ਹੈ। ਪੰਜਾਬ ਸਰਕਾਰ ਨੇ ਸੰਜੀਵ ਅਰੋੜਾ ਤੋਂ ਸਰਕਾਰੀ ਦਫ਼ਤਰ, ਸਰਕਾਰੀ ਕੋਠੀ, ਗੱਡੀ ਅਤੇ ਹੋਰ ਸੁੱਖ ਸਹੂਲਤਾਂ ਅਜੇ ਵਾਪਸ ਨਹੀਂ ਲਈਆਂ। ਹੈਰਾਨੀ ਦੀ ਗੱਲ ਹੈ ਕਿ ਸੰਜੀਵ ਅਰੋੜਾ ਦੇ ਮੰਤਰੀ ਵਾਲੇ ਦਫ਼ਤਰ ਵਿੱਚ ਉਹਨਾਂ ਦਾ ਸਾਰਾ ਸਟਾਫ਼ ਰੋਜ਼ਾਨਾ ਆ ਰਿਹਾ ਹੈ ਪ੍ਰੰਤੂ ਮੰਤਰੀ ਨਾ ਹੋਣ ਕਰਕੇ ਬਿਨਾਂ ਕੋਈ ਕੰਮ ਕੀਤੇ ਸਾਰਾ ਦਿਨ ਵਿਹਲੇ ਬੈਠ ਕੇ ਵਾਪਸ ਮੁੜ ਜਾਂਦਾ ਹੈ। ‌ ਜਿਕਰਯੋਗ ਹੈ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 9 ਮਈ ਨੂੰ ਮਨੀਲਾਂਡਰਿੰਗ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਕਈ ਦਿਨਾਂ ਦੀ ਜਾਂਚ ਤੋਂ ਬਾਅਦ ਉਹਨਾਂ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿਹੜੇ ਕਿ ਅੱਜ ਕੱਲ ਗੁਰੂਗ੍ਰਾਮ ਦੀ ਜੇਲ੍ਹ ਵਿੱਚ ਬੰਦ ਹਨ। ਪੰਜਾਬ ਦੇ ਗਠਨ ਤੋਂ ਲੈ ਕੇ ਆਪਣੇ ਆਪ ‘ਚ ਹੁਣ ਤੱਕ ਦਾ ਪਹਿਲਾ ਅਜਿਹਾ ਮਾਮਲਾ ਹੋਵੇਗਾ ਜਦੋਂ ਪੰਜਾਬ ਦਾ ਕੋਈ ਵਿਧਾਇਕ ਜੇਲ੍ਹ ਵਿੱਚ ਬੰਦ ਹੋਵੇ, ਉਸ ਤੋਂ ਸਾਰੇ ਵਿਭਾਗ ਵੀ ਸਰਕਾਰ ਨੇ ਵਾਪਸ ਲੈ ਲਏ ਹੋਣ ਪਰੰਤੂ ਵਿਭਾਗਾਂ ਦੇ ਕਾਰਨ ਦਿੱਤਾ ਕੈਬਨਿਟ ਰੈਂਕ ਵਾਪਸ ਨਾ ਲਿਆ ਹੋਵੇ ਤੇ ਸਰਕਾਰ ਉਸ ਨੂੰ ਬਿਨਾਂ ਕਿਸੇ ਕੰਮ ਤੋਂ ਹੀ ਸਾਰੀਆਂ ਸੁੱਖ ਸਹੂਲਤਾਂ ਸਟਾਫ ਮੁਹੱਈਆ ਕਰਵਾ ਰਹੀ ਹੋਵੇ। ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਮੌਕੇ ਇਹੋ ਜਿਹੇ ਕੁਝ ਕੰਮਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਹੱਥਾਂ ਵਿੱਚ ਚੁੱਕੀ ਫਿਰਦੀ ਹੈ ਪ੍ਰੰਤੂ ਹੁਣ ਉਹਨਾਂ ਵਰਗੇ ਆਪਣੇ ਕੰਮਾਂ ਨੂੰ ਕੱਛਾਂ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ। ਪੰਜਾਬ ਨਾਲ ਸਬੰਧਿਤ ਇਹ ਇੱਕ ਅਜਿਹਾ ਮੁੱਦਾ ਹੈ ਜਿਹੜਾ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਪ੍ਰਸ਼ਾਸਨਿਕ ਅਤੇ ਦੋਹਰੇ ਸਿਆਸੀ ਮਾਪਦੰਡਾਂ ਨੂੰ ਉਜਾਗਰ ਕਰਦਾ ਹੈ ਪ੍ਰੰਤੂ ਇਸ ਸਬੰਧੀ ਕੀਤੇ ਸਵਾਲ ਦਾ ਜਵਾਬ ਪੰਜਾਬ ਦੇ ਕਿਸੇ ਵੀ ਮੰਤਰੀ ਵੱਲੋਂ ਨਹੀਂ ਦਿੱਤਾ ਜਾਂਦਾ ਸਗੋਂ ਮੁੱਖ ਮੰਤਰੀ ਦੇ ਤਾਂ ਪੱਤਰਕਾਰਾਂ ਨੂੰ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ ਜਾਂਦਾ ਤੇ ਜਿਹੜੇ ਪੱਤਰਕਾਰ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਦੀ ਜ਼ੁਬਾਨ ‘ਤੇ ਇਹੋ ਜਿਹੇ ਸਵਾਲ ਆਉਂਦੇ ਹੀ ਨਹੀਂ।

error: Content is protected !!