Skip to main content

Gee 98News

ਸਰਪੰਚ ਦੀ ਪ੍ਰੈੱਸ ਕਾਨਫਰੰਸ ਦਾ ਸੇਕ…31 ਲੱਖ ਦੀ ਗਰਾਂਟ ਦੇਣ ਦਾ ਭਰੋਸਾ

-ਮਾਮਲਾ…ਮੁੱਖ ਮੰਤਰੀ ਦੀ ਲੋਕ ਮਿਲਣੀ ‘ਚ ਮਹਿਲਕਲਾਂ ਸੋਢੇ ਦੇ ਸਰਪੰਚ ਨੂੰ ਅੱਖੋਂ ਪਰੋਖੇ ਕਰਨ ਦਾ

ਬਰਨਾਲਾ, 3 ਜੁਲਾਈ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਹਿਲ ਕਲਾਂ ਵਿਖੇ ਹੋਈ ਲੋਕ ਮਿਲਣੀ ‘ਚ ਦੋਵੇਂ ਪੰਚਾਇਤਾਂ ਵਿੱਚੋਂ ਇੱਕ ਪੰਚਾਇਤ ਨੂੰ 51 ਲੱਖ ਦਾ ਚੈੱਕ ਦੇਣ ਦਾ ਉਲਝਿਆ ਹੋਇਆ ਮਾਮਲਾ ਕੁਝ ਹੱਦ ਤੱਕ ਹੱਲ ਹੁੰਦਾ ਜਾਪਦਾ ਹੈ। ਜ਼ਿਕਰਯੋਗ ਹੈ ਕਿ ਇਸ ਲੋਕ ਮਿਲਣੀ ਦਾ ਪ੍ਰਬੰਧ ਮਹਿਲ ਕਲਾਂ ਸੋਢੇ ਦੀ ਪੰਚਾਇਤ ਨੇ ਕੀਤਾ ਸੀ ਪ੍ਰੰਤੂ ਮੁੱਖ ਮੰਤਰੀ ਵੱਲੋਂ 51 ਲੱਖ ਦਾ ਚੈੱਕ ਮਹਿਲ ਕਲਾਂ ਦੀ ਪੰਚਾਇਤ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਤੇਵਰ ਤਿੱਖੇ ਕਰਦੇ ਹੋਏ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ। ਸਰਪੰਚ ਸਰਬਜੀਤ ਸਿੰਘ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਵੱਖ-ਵੱਖ ਪ੍ਰਿੰਟ ਅਦਾਰਿਆਂ ‘ਚ ਖ਼ਬਰਾਂ ਲੱਗੀਆਂ ਜਿਸ ਤੋਂ ਬਾਅਦ ਇਹ ਖ਼ਬਰਾਂ ਜੰਗਲ ਦੀ ਅੱਗ ਵਾਂਗ ਵਾਇਰਲ ਹੋਈਆਂ ਅਤੇ ਹਲਕੇ ਦੇ ਆਗੂਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਹ ਮਾਮਲਾ ਵੱਧਦਾ ਦੇਖਦੇ ਹੋਏ ਵੀਰਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਪੰਚ ਸਰਬਜੀਤ ਸਿੰਘ ਨੂੰ ਦਫਤਰ ਬੁਲਾਇਆ ਅਤੇ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਲਈ ਵੱਖਰੇ ਤੌਰ ‘ਤੇ 31 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਪੰਚ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਇਹ 31 ਲੱਖ ਦੀ ਗ੍ਰਾਂਟ ਜਲਦੀ ਹੀ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਖੁਦ ਸਰਪੰਚ ਸਰਬਜੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਅਪਲੋਡ ਕਰਕੇ ਵੀ ਕੀਤੀ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਜਲਦੀ ਹੀ 31 ਲੱਖ ਦੀ ਗ੍ਰਾਂਟ ਖਾਤੇ ਵਿੱਚ ਪਾਉਣ ਦਾ ਭਰੋਸਾ ਦਿੱਤਾ ਹੈ।‌ ਉੰਝ ਭਾਵੇਂ ਸਰਪੰਚ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਪ੍ਰੰਤੂ ਇਹ ਸਪੱਸ਼ਟ ਹੈ ਕਿ ਉਕਤ ਗਰਾਂਟ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਖਾਤੇ ਵਿੱਚ ਆਉਣ ਤੱਕ ਸਰਪੰਚ ਦੇ ਤੇਵਰ ਤਿੱਖੇ ਹੀ ਰਹਿਣਗੇ ਕਿਉਂਕਿ ਜਿਹੜਾ ਲੌਲੀਪੌਪ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੁਣ ਸਰਪੰਚ ਨੂੰ ਦਿੱਤਾ ਗਿਆ ਹੈ ਇਹ ਲੌਲੀਪਪ ਹਲਕਾ ਵਿਧਾਇਕ ਵੱਲੋਂ ਲੋਕ ਮਿਲਣੀ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਪ੍ਰੰਤੂ ਉਹ ਪਹਿਲਾਂ ਵਾਲਾ ਲੌਲੀਪੌਪ ਦੂਜਾ ਸਰਪੰਚ ਚੂਸ ਗਿਆ ਅਤੇ ਮਹਿਲ ਕਲਾਂ ਸੋਢੇ ਦੇ ਸਰਪੰਚ ਦੇ ਹੱਥ ਵਿੱਚ ਲੌਲੀਪੌਪ ਵਾਲਾ ਨਿੱਕਾ ਜਿਹਾ ਡੱਕਾ ਹੀ ਰਹਿ ਗਿਆ ਸੀ ਜਿਸ ਤੋਂ ਬਾਅਦ ਸਰਪੰਚ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਤੇਵਰ ਤਿੱਖੇ ਕੀਤੇ ਸਨ।
ਫੋਟੋ ਕੈਪਸ਼ਨ- ਸਰਪੰਚ ਸਰਬਜੀਤ ਸਿੰਘ ਸ਼ੰਭੂ ਦੀ ਤਸਵੀਰ

Gee98 Ads
error: Content is protected !!