ਚੰਡੀਗੜ – ਭਾਰਤ ਦੇ ਚੀਫ਼ ਆਫ ਡਿਫੈਸ਼ ਸਟਾਫ (ਸੀਡੀਐਸ) ਸ੍ਰੀ ਬਿਪਿਨ ਰਾਵਤ ਸਮੇਤ 13 ਹੋਰਨਾਂ ਦੀ ਇੱਕ ਹਵਾਈ ਹਾਦਸੇ ਵਿੱਚ ਹੋਈ ਮੌਤ ਨੇ ਜਿੱਥੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਉੱਥੇ ਇਹ ਹਾਦਸਾ ਆਪਣੇ ਪਿੱਛੇ ਅਨੇਕਾਂ ਸਵਾਲ ਵੀ ਛੱਡ ਗਿਆ ਹੈ, ਜਿਨਾਂ ਦੇ ਜਵਾਬ ਲਈ ਭਾਰਤੀ ਹਵਾਈ ਸੈਨਾ ਵੱਲੋਂ ‘ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। ਸ੍ਰੀ ਬਿਪਿਨ ਰਾਵਤ ਨੂੰ 2019 ਵਿੱਚ ਸੀਡੀਐਸ ਨਿਯੁਕਤ ਕੀਤਾ ਗਿਆ ਸੀ ਅਤੇ 1 ਜਨਵਰੀ 2020 ਨੂੰ ਉਨਾਂ ਆਪਣਾ ਅਹੁਦਾ ਸੰਭਾਲ ਲਿਆ ਸੀ। ਭਾਰਤ ਦੀਆਂ ਤਿੰਨੇ ਸੈਨਾਵਾਂ ਵਿੱਚ ਤਾਲਮੇਲ ਰੱਖਣ ਲਈ ਸੀਡੀਐਸ ਦੀ ਨਿਯੁਕਤੀ ਕੀਤੀ ਗਈ ਸੀ ਭਾਵ ਸੀਡੀਐਸ ਤਿੰਨ ਸੈਨਾਵਾਂ ਦੇ ਵਿਚਕਾਰ ਕੜੀ ਦੀ ਤਰਾਂ ਕੰਮ ਕਰਦਾ ਹੈ ਅਤੇ ਸਿੱਧਾ ਸਰਕਾਰ ਨਾਲ ਸਲਾਹ ਮਸ਼ਵਰਾ ਕਰਦਾ ਹੈ। ਭਾਰਤੀ ਸੈਨਾ ਦੇ ਤਕਨੀਕੀ ਮਾਹਰਾਂ ਵੱਲੋ ਹੈਰਾਨੀ ਇਸ ਗੱਲ ਦੀ ਪ੍ਰਗਟਾਈ ਜਾ ਰਹੀ ਹੈ ਕਿ ਜਿਸ ਜਹਾਜ਼ ਨਾਲ ਇਹ ਹਾਦਸਾ ਵਾਪਰਿਆ ਉਹ ਬੇਹੱਦ ਅਤਿ ਆਧੁਨਿਕ ਤਕਨੀਕ ਨਾਲ ਲੈੱਸ ਹੈ। ਐਮਆਈ. 17 ਵੀ -5 ਨਾਮ ਦਾ ਇਹ ਜਹਾਜ਼ 7489 ਕਿਲੋਗ੍ਰਾਮ ਭਾਰਾ ਹੈ ਅਤੇ 6 ਹਜ਼ਾਰ ਕਿਲੋਮੀਟਰ ਦੀ ਉਚਾਈ ਤੱਕ ਉੱਡ ਸਕਦਾ ਹੈ। ਇਸ ਜਹਾਜ਼ ਵਿੱਚ 20 ਵਿਅਕਤੀ ਸਵਾਰ ਹੋ ਸਕਦੇ ਹਨ ਅਤੇ ਇਹ ਜਹਾਜ਼ ਅਤਿ ਆਧੁਨਿਕ ਹਥਿਆਰ ਲਿਜਾਣ ਦੇ ਵੀ ਸਮਰੱਥ ਹੈ। ਭਾਵੇਂ ਕਿ ਸੀਡੀਐਸ ਨਾਲ ਵਾਪਰੇ ਹਾਦਸੇ ਦਾ ਕਾਰਨ ਮੁੱਢਲੇ ਤੌਰ ’ਤੇ ਖਰਾਬ ਮੌਸਮ ਹੋਣਾ ਮੰਨਿਆ ਜਾ ਰਿਹਾ ਹੈ ਪ੍ਰੰਤੂ ਇਸੇ ਜਹਾਜ਼ ਦੀ ਇੱਕ ਵਿਸ਼ੇਸਤਾ ਇਹ ਵੀ ਹੈ ਕਿ ਇਹ ਬਹੁਤ ਖਰਾਬ ਮੌਸਮ ਵਿੱਚ ਵੀ ਉਡਾਨ ਭਰ ਸਕਦਾ ਹੈ। ਭਾਰਤ ਨੂੰ ਇਨਾਂ ਜਹਾਜ਼ਾਂ ਦੀ ਡਲਿਵਰੀ ਰੂਸ ਤੋਂ 2011 ਤੋਂ ਸ਼ੁਰੂ ਹੋਈ ਸੀ ਅਤੇ 2013 ਤੱਕ 36 ਜਹਾਜ਼ ਭਾਰਤ ਕੋਲ ਪੁੱਜ ਚੁੱਕੇ ਸਨ। ਭਾਵੇਂ ਕਿ ਇਸ ਤੋਂ ਪਹਿਲਾਂ ਵੀ ਹੋਏ ਹਵਾਈ ਹਾਦਸਿਆਂ ਵਿੱਚ ਉੱਚ ਸਖ਼ਸੀਅਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ ਪ੍ਰੰਤੂ ਐਮਆਈ. 17 ਵੀ -5 ਵਰਗੇ ਅਤਿ ਆਧੁਨਿਕ ਜਹਾਜ਼ ਨਾਲ ਵਾਪਰਿਆ ਇਹ ਹਾਦਸਾ ਭਾਰਤੀ ਸੈਨਾ ਤੋਂ ਇਲਾਵਾ ਸਰਕਾਰ ਲਈ ਵੀ ਚਿੰਤਾਜਨਕ ਰਹੇਗਾ।