Skip to main content

Gee 98News

ਪੰਜਾਬ ਪੁਲਿਸ ਦਾ SHO ਨਾਗਰਾ ਅਮਰੀਕੀ ਜਾਂਚ ਏਜੰਸੀ ਦੇ ਰਾਡਾਰ ‘ਤੇ ਕਿਵੇਂ ਆਇਆ…ਕੀ ਹੈ ਪੂਰਾ ਮਾਮਲਾ…ਪੜ੍ਹੋ ਖ਼ਬਰ

– ਐਸਐਚਓ ਨਾਗਰਾ ਨੇ ਕਿਸ ਰਾਹੀਂ ਅਤੇ ਕਿਉਂ ਮੰਗੀ 4 ਲੱਖ ਡਾਲਰ ਦੀ ਫਿਰੌਤੀ

ਚੰਡੀਗੜ੍ਹ,9 ਜੁਲਾਈ, Gee98 News service-

-ਪੰਜਾਬ ਪੁਲਿਸ ਦਾ ਇੱਕ ਐਸਐਚਓ ਅਮਰੀਕਾ ਬੈਠੇ ਇੱਕ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ‘ਚ ਫਸ ਗਿਆ। ਪੁਲਿਸ ਥਾਣਾ ਟਾਂਡਾ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ ਤੇ ਉਹਨਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ, ਜਾਂਚ ਦੀ ਨਿਗਰਾਨੀ ਲੁਧਿਆਣਾ ਰੇਂਜ ਦੇ ਡੀਆਈਜੀ ਡਾਕਟਰ ਨਵੀਨ ਸਿੰਗਲਾ ਕਰਨਗੇ। ‌ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਦਾ ਜ਼ਿਕਰ ਅਮਰੀਕਾ ਦੇ ਅਟਾਰਨੀ ਜਨਰਲ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਅਮਰੀਕਾ ਬੈਠੇ ਇੱਕ ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ। ਅਮਰੀਕਾ ਦੀ ਜਾਂਚ ਏਜੰਸੀ ਵੱਲੋਂ ਐਸਐਚਓ ਗੁਰਿੰਦਰਜੀਤ ਸਿੰਘ ਦੀ ਕੁਝ ਹੋਰ ਗੈਂਗਸਟਰਾਂ ਦੇ ਨਾਲ ਫੋਟੋ ਵੀ ਜਾਰੀ ਕੀਤੀ ਗਈ।
-ਕੀ ਹੈ ਸਾਰਾ ਮਾਮਲਾ ਜਿਸ ਵਿੱਚ ਐਸਐਚਓ ਫਸ ਗਿਆ ?
ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਜਿਸ ਮਾਮਲੇ ‘ਚ ਫਿਰੌਤੀ ਮੰਗ ਰਿਹਾ ਸੀ ਉਸ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ 15 ਜਨਵਰੀ 2026 ਨੂੰ ਹੁਸ਼ਿਆਰਪੁਰ ਜਿਲ੍ਹੇ ਦੇ ਟਾਂਡਾ ਅਧੀਨ ਪੈਂਦੇ ਪਿੰਡ ਮਿਆਣੀ ‘ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਅਤੇ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਇਸ ਮਾਮਲੇ ‘ਚ ਟਾਂਡਾ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਜਸ਼ਨ ਗਿੱਲ ਤੇ ਗੁਰਲਾਲ ਸਿੰਘ ਨੇ ਲਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਸਵਰਾਜ ਉਰਫ਼ ਅਭੀ ਅਤੇ ਗੁਰਮੁਖ ਸਿੰਘ ਦੀ ਪਹਿਚਾਣ ਕੀਤੀ ਜਿਹੜੇ ਉਸ ਵੇਲੇ ਪੱਟੀ ਜੇਲ੍ਹ ਵਿੱਚ ਬੰਦ ਸਨ ਜਿਨਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਪੁੱਛਗਿਛ ਕੀਤੀ ਗਈ। ‌ 24 ਮਈ 2026 ਨੂੰ ਤਤਕਲੀਨ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਇਹ ਹੱਤਿਆ ਪਰਿਵਾਰਕ ਰੰਜਿਸ਼ ਦੇ ਕਾਰਨ ਹੀ ਕੀਤੀ ਗਈ ਹੈ। ਪੁਲਿਸ ਦੇ ਮੁਤਾਬਿਕ ਅਮਰੀਕਾ ‘ਚ ਰਹਿ ਰਹੇ ਰਿਟਾਇਰਡ ਏਐਸਆਈ ਅਤੇ ਮ੍ਰਿਤਕ ਦੇ ਕੁੜਮ ਚਰਨਜੀਤ ਸਿੰਘ ਨੇ ਆਪਣੀ ਬੇਟੀ ਦੇ ਤਲਾਕ ਦੇ ਮਾਮਲੇ ‘ਚ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਇਹ ਹੱਤਿਆ ਕਰਵਾਈ ਸੀ। ‌ ਪੁਲਿਸ ਨੇ ਦਾਅਵਾ ਵੀ ਕੀਤਾ ਕਿ ਸ਼ੂਟਰਾਂ ਦੇ ਖਾਤਿਆਂ ‘ਚ 1.80 ਲੱਖ ਰੁਪਏ ਟ੍ਰਾਂਸਫਰ ਵੀ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਚਰਨਜੀਤ ਸਿੰਘ, ਉਸਦੇ ਬੇਟੇ ਗੁਰਪ੍ਰੀਤ ਸਿੰਘ ਅਤੇ ਬੇਟੀ ਨੂੰ ਵੀ ਇਸ ਹੱਤਿਆ ਦੇ ਮਾਮਲੇ ‘ਚ ਨਾਮਜ਼ਦ ਕਰ ਲਿਆ ਸੀ। ‌
-ਐਸਐਚਓ ਨਾਗਰਾ ਕਿਵੇਂ ਆਏ ਵਿਵਾਦਾਂ ਵਿੱਚ…?
ਇਸ ਹੱਤਿਆ ਦੇ ਮਾਮਲੇ ‘ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਅਮਰੀਕੀ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਚਰਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਕਤਲ ਕੇਸ ਵਿੱਚ ਰਾਹਤ ਦੇਣ ਦੇ ਨਾਮ ‘ਤੇ 4 ਲੱਖ ਡਾਲਰ ਦੀ ਮੰਗ ਕੀਤੀ ਗਈ। ਅਮਰੀਕੀ ਏਜੰਸੀਆਂ ਅਨੁਸਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੈਟਵਰਕ ਨਾਲ ਜੁੜੇ ਕੁਝ ਲੋਕਾਂ ਨੇ ਅਮਰੀਕਾ ਵਿੱਚ ਰਹਿ ਰਹੇ ਪਰਿਵਾਰ ਦੀ ਜਾਣਕਾਰੀ ਇਕੱਠੀ ਕਰਕੇ ਭਾਰਤ ਵਿੱਚ ਆਪਣੇ ਗੈਂਗ ਨੈਟਵਰਕ ਤੱਕ ਪਹੁੰਚਦੀ ਕੀਤੀ ਅਤੇ ਫਿਰ ਕੇਸ ਵਿੱਚ ਫਸਾਉਣ ਅਤੇ ਰਾਹਤ ਦੇਣ ਦਾ ਡਰ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ ਗਈ। ‌ ਅਮਰੀਕੀ ਏਜੰਸੀਆਂ ਨੇ ਦਾਅਵਾ ਕੀਤਾ ਕਿ ਇਸ ਪੂਰੇ ਘਟਨਾਕਰਮ ਵਿੱਚ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਵੀ ਸਾਹਮਣੇ ਆਇਆ ਹੈ। ‌ ਅਮਰੀਕੀ ਏਜੰਸੀਆਂ ਦਾ ਦਾਅਵਾ ਹੈ ਕਿ 24 ਮਈ 2026 ਨੂੰ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਸਿੰਘ ਅਤੇ ਉਹਦੇ ਪਰਿਵਾਰ ਨੂੰ ਹੱਤਿਆ ਵਿੱਚ ਸਾਜਿਸ਼ ਦਾ ਦੋਸ਼ੀ ਦੱਸਿਆ ਅਤੇ ਉਸ ਤੋਂ ਅਗਲੇ ਦਿਨ ਹੀ ਪਰਿਵਾਰ ਦੇ ਇੱਕ ਮੈਂਬਰ ਨਾਲ ਸੰਪਰਕ ਕਰਕੇ 4 ਲੱਖ ਡਾਲਰ ਦੀ ਮੰਗ ਕੀਤੀ ਗਈ ਅਤੇ 4 ਲੱਖ ਡਾਲਰ ਡਾਲਰ ਦੇਣ ਤੋਂ ਬਾਅਦ ਹੱਤਿਆ ਦੇ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਰਾਹਤ ਦੇਣ ਦਾ ਭਰੋਸਾ ਦਿੱਤਾ ਗਿਆ। ‌
ਅਮਰੀਕੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਨੈਟਵਰਕ ਦੇ ਇੱਕ ਮੈਂਬਰ ਗੁਰਲਾਲ ਸਿੰਘ ਨੇ ਅਮਰੀਕਾ ‘ਚ ਰਹਿ ਰਹੇ ਚਰਨਜੀਤ ਸਿੰਘ ਦੇ ਪਰਿਵਾਰ ਦੀ ਜਾਣਕਾਰੀ ਭਾਰਤ ਭੇਜੀ ਅਤੇ ਇਹ ਜਾਣਕਾਰੀ ਐਸਐਚਓ ਨਾਗਰਾ ਨਾਲ ਸਾਂਝੀ ਕੀਤੀ ਗਈ ਤਾਂ ਜੋ ਪਰਿਵਾਰ ਨੂੰ ਫਸਾਇਆ ਜਾ ਸਕੇ। ਇਸ ਤੋਂ ਬਾਅਦ ਭਾਰਤ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੱਤਿਆ ਦੇ ਕੇਸ ਵਿੱਚ ਉਲਝਾਉਣ ਦਾ ਡਰ ਦਿਖਾ ਕੇ 4 ਲੱਖ ਡਾਲਰ ਦੀ ਮੰਗ ਕੀਤੀ ਗਈ ਜਿਸ ਦੇ ਆਧਾਰ ‘ਤੇ ਹੀ ਅਮਰੀਕਾ ਵਿੱਚ ਇਹ ਕੇਸ ਦਰਜ ਕੀਤਾ ਗਿਆ ਸੀ ਜਿਸ ਦੀ ਪੜ੍ਹਤਾਲ ਦੌਰਾਨ ਅਮਰੀਕੀ ਏਜੰਸੀਆਂ ਦੀ ਸੂਈ ਐਸਐਚਓ ਨਾਗਰਾ ਵੱਲ ਗਈ ਅਤੇ ਪ੍ਰੈਸ ਕਾਨਫਰੰਸ ਦੌਰਾਨ ਅਮਰੀਕੀ ਏਜੰਸੀਆਂ ਦੇ ਅਧਿਕਾਰੀਆਂ ਨੇ ਇਸ ਦਾ ਖੁਲਾਸਾ ਕੀਤਾ।

Gee98 Ads
error: Content is protected !!