ਚੰਡੀਗੜ੍ਹ,9 ਜੁਲਾਈ, Gee98 news service-
-ਆਮ ਆਦਮੀ ਪਾਰਟੀ ਦੇ ਧਾਕੜ ਆਗੂ ਰਹੇ ਲਾਲਜੀਤ ਸਿੰਘ ਭੁੱਲਰ ਦੀ ਮੰਤਰੀ ਵਾਲੀ ਕੁਰਸੀ ਦੀ ਬਲੀ ਲੈਣ ਵਾਲੇ ਐਫਸੀਆਈ ਦੇ ਗੁਦਾਮ ਟੈਂਡਰਾਂ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਹਨਾਂ ਗੁਦਾਮਾਂ ਦੇ ਟੈਂਡਰਾਂ ਕਰਕੇ ਹੀ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦਰਮਿਆਨ ਵਿਵਾਦ ਹੋਇਆ ਸੀ ਅਤੇ ਬਾਅਦ ਵਿੱਚ ਪੈਦਾ ਹੋਏ ਹਾਲਾਤਾਂ ਦੇ ਕਾਰਨ ਗਗਨਦੀਪ ਸਿੰਘ ਰੰਧਾਵਾ ਨੇ ਆਤਮ ਹੱਤਿਆ ਕਰ ਲਈ ਸੀ। ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਪੁਲੀਸ ਨੇ ਕੇਸ ਦਰਜ ਕਰ ਕੇ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਹੁਣ ਜੇਲ੍ਹ ਵਿੱਚ ਬੰਦ ਹਨ। ਉਸ ਵੇਲੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਚਾਹੁੰਦਾ ਸੀ ਕਿ ਇਹਨਾਂ ਗੁਦਾਮਾਂ ਦਾ ਟੈਂਡਰ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਦੀ ਕੰਪਨੀ ਨੂੰ ਦਿੱਤਾ ਜਾਵੇ ਜਦਕਿ ਇਹ ਟੈਂਡਰ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਸੀ। ਇਹਨਾਂ ਗੁਦਾਮਾਂ ਦੇ ਉਸਾਰੀ ਟੈਂਡਰ ਰੱਦ ਕਰਨ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕਿ ਜਿਸ ਕੰਪਨੀ ਲਈ ਇਹ ਟੈਂਡਰ ਖੋਲੇ ਸਨ ਉਸ ਕੰਪਨੀ ਦੀ ਬੋਲੀ ਵੈਦਤਾ ਦੀ ਮਿਆਦ ਖਤਮ ਹੋ ਗਈ ਸੀ ਜਿਸ ਕਰਕੇ ਇਹ ਟੈਂਡਰ ਰੱਦ ਕੀਤੇ ਗਏ ਹਨ। ਇਹਨਾਂ ਗੁਦਾਮਾਂ ਦੇ ਟੈਂਡਰਾਂ ਕਾਰਨ ਹੀ ਲਾਲਜੀਤ ਸਿੰਘ ਭੁੱਲਰ ਦੀ ਸਿਆਸੀ ਪਾਵਰ ਨੂੰ ਗ੍ਰਹਿਣ ਲੱਗ ਗਿਆ ਸੀ ਜੋ ਅਜੇ ਤੱਕ ਵੀ ਲੱਗਿਆ ਹੋਇਆ ਹੈ।