Skip to main content

Gee 98News

ਸੁਖਬੀਰ ਸਿੰਘ ਬਾਦਲ ‘ਤੇ ਹੋ ਰਹੇ ਜਾਨਲੇਵਾ ਹਮਲੇ ਗਿਣੀ ਮਿਥੀ ਸਾਜਿਸ਼ ਹੀ ਹਨ-ਸੰਜੀਵ ਸ਼ੋਰੀ

  • ਬਰਨਾਲਾ,14 ਅਗਸਤ, (ਨਿਰਮਲ ਸਿੰਘ ਪੰਡੋਰੀ)-

-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵਾਰ-ਵਾਰ ਹੋ ਰਹੇ ਜਾਨਲੇਵਾ ਹਮਲੇ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਹਨ ਸਗੋਂ ਇਹ ਇੱਕ ਗਿਣੀ ਮਿਥੀ ਸਾਜਿਸ਼ ਹੈ ਜਿਸ ਦੀ ਜਾਂਚ ਸੀਬੀਆਈ ਜਾਂ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਸ਼ੋਰੀ ਬਰਨਾਲਾ ਨੇ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ ਜਿਸ ਤੋਂ ਪੰਜਾਬ ਵਿਰੋਧੀ ਪਾਰਟੀਆਂ ਚਿੰਤਾ ਵਿੱਚ ਹਨ ਅਤੇ ਇਹਨਾਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਹਰ ਹੀਲੇ ਵਸੀਲੇ ਸੁਖਬੀਰ ਸਿੰਘ ਬਾਦਲ ਨੂੰ ਰਸਤੇ ‘ਚੋਂ ਹਟਾਉਣ ਲਈ ਇਹ ਜਾਨਲੇਵਾ ਹਮਲੇ ਕਰਵਾਏ ਜਾ ਰਹੇ ਹਨ। ਸੰਜੀਵ ਸ਼ੋਰੀ ਨੇ ਆਮ ਆਦਮੀ ਪਾਰਟੀ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੂੰ ਸਿਆਸੀ ਰੰਗਤ ਦੇਣ ਦੀ ਵੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਹੀ ਖੇਤਰ ਵਿੱਚ ਧਾਰਮਿਕ ਈਰਖਾ ‘ਚ ਵਾਧਾ ਹੋਇਆ ਹੈ, ਜਿਸ ਬਾਰੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਹੋਏ ਜਾਨਲੇਵਾ ਹਮਲੇ ਦੀ ਨਿਰਪੱਖ ਜਾਂਚ ਕੀਤੀ ਜਾਂਦੀ ਤਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਵਾਪਰੀ ਘਟਨਾ ਸ਼ਾਇਦ ਨਾ ਵਾਪਰਦੀ। ਸੰਜੀਵ ਸ਼ੋਰੀ ਨੇ ਕਿਹਾ ਕਿ ਧਾਰਮਿਕ ਅਸਥਾਨ ਸਮੁੱਚੀ ਮਾਨਵਤਾ ਲਈ ਸ਼ਰਧਾ ਦਾ ਕੇਂਦਰ ਹੁੰਦੇ ਹਨ ਅਤੇ ਅਜਿਹੇ ਅਸਥਾਨਾਂ ‘ਤੇ ਕਿਸੇ ‘ਤੇ ਹਮਲਾ ਕਰਨ ਦੀ ਸੋਚ ਮਨ ਵਿੱਚ ਲੈ ਕੇ ਜਾਣ ਵਾਲਾ ਇਨਸਾਨ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਹੁਣ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ਦੀ ਰੱਖਿਆ ਖੁਦ ਵਾਹਿਗੁਰੂ ਨੇ ਆਪ ਕੀਤੀ ਜਿਸ ਤੋਂ ਇਹ ਸਾਫ਼ ਹੈ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ। ਸੰਜੀਵ ਸ਼ੋਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਜਿਹੀਆਂ ਘਟਨਾਵਾਂ ਤੋਂ ਡਰਨ ਤੇ ਘਬਰਾਉਣ ਵਾਲੇ ਨਹੀਂ ਹਨ, ਸਗੋਂ ਇਹ ਘਟਨਾਵਾਂ ਪੰਜਾਬ ‘ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਵਰਗੇ ਰਾਜ ਦੀ ਸਥਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ‘ਚ ਹੋਰ ਜੋਸ਼ ਭਰਨਗੀਆਂ।

error: Content is protected !!