Skip to main content

Gee 98News

ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਆਪਣੇ ਖਰਚੇ ‘ਤੇ ਪੜ੍ਹਨਗੇ AI ਵਿਸ਼ਾ…ਪ੍ਰਤੀ ਵਿਦਿਆਰਥੀ 100 ਰੁਪਏ ਇਕੱਠਾ ਕੀਤਾ ਜਾਵੇਗਾ

ਪ੍ਰਾਈਵੇਟ ਸਕੂਲ ਆਪਣੇ ਪੱਧਰ ‘ਤੇ ਦਿਵਾਉਣਗੇ ਦੋ ਅਧਿਆਪਕਾਂ ਨੂੰ ਟ੍ਰੇਨਿੰਗ…ਸਰਕਾਰੀ ਫੁਰਮਾਨ ਜਾਰੀ

ਚੰਡੀਗੜ੍ਹ,18 ਅਗਸਤ , Gee98 News service-

-ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਦੇ ਜਵਾਕਾਂ ਨੂੰ ਠੇਕੇ ‘ਤੇ ਪੜਾਉਣ ਵੱਲ ਇਕ ਵੱਡਾ ਕਦਮ ਚੁੱਕਦੇ ਹੋਏ ਸੂਬੇ ਦੇ ਸਕੂਲਾਂ ‘ਚ ਇੱਕ ਅਹਿਮ ਸਬਜੈਕਟ ਪੜਾਉਣ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਸਰਕਾਰ ਨੇ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਵਿੱਚ “ਆਰਟੀਫਿਸ਼ਲ ਇੰਟੈਲੀਜੈਂਸ” AI ਮੁੱਖ ਵਿਸ਼ੇ ਦੇ ਤੌਰ ‘ਤੇ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ “ਸਰਬੱਤ AI” ਪ੍ਰੋਜੈਕਟ ਅਧੀਨ ਛੇਵੀਂ ਤੋਂ 12ਵੀਂ ਕਲਾਸ ਤੱਕ ਏਆਈ ਦੀ ਪੜ੍ਹਾਈ ਜ਼ਰੂਰੀ ਕਰਨ ਦੀ ਇੱਕ ਯੋਜਨਾ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਹ ਮੁੱਖ ਵਿਸ਼ਾ ਪ੍ਰਾਈਵੇਟ ਸਕੂਲਾਂ ਨੂੰ ਪੜਾਉਣਾ ਪਵੇਗਾ। ‌ ਇਸ ਤਹਿਤ ਪ੍ਰਾਈਵੇਟ ਸਕੂਲਾਂ ਨੂੰ ਆਪਣੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਦਿਵਾਉਣੀ ਪਵੇਗੀ ਜਿਸਦਾ ਖਰਚਾ ਵੀ ਪ੍ਰਾਈਵੇਟ ਸਕੂਲਾਂ ਨੂੰ ਆਪਣੇ ਪੱਧਰ ‘ਤੇ ਹੀ ਚੁੱਕਣਾ ਪਵੇਗਾ। ‌ ਸਰਕਾਰ ਦੇ ਇਸ ਪ੍ਰੋਜੈਕਟ ਦੀ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪ੍ਰਾਈਵੇਟ ਸਕੂਲ ਆਪਣੇ ਵਿਦਿਆਰਥੀਆਂ ਤੋਂ ਪ੍ਰਤੀ ਵਿਦਿਆਰਥੀ 100-100 ਰੁਪਏ ਹਰ ਮਹੀਨੇ ਇਕੱਠਾ ਕਰਨਗੇ ਅਤੇ ਇਹ ਰਕਮ ਪ੍ਰਾਈਵੇਟ ਸਕੂਲ ਸਰਕਾਰ ਨੂੰ ਜਮਾਂ ਕਰਾਉਣ ਦੇ ਪਾਬੰਦ ਹੋਣਗੇ। ‌
-AI ਵਿਸ਼ਾ ਪ੍ਰਾਈਵੇਟ ਸਕੂਲਾਂ ‘ਚ ਲਾਗੂ ਕਰਨ ਲਈ ਕੀ ਕਰਨਾ ਪਵੇਗਾ
ਸਰਕਾਰ ਦੇ ਹੁਕਮਾਂ ਮੁਤਾਬਿਕ ਪ੍ਰਾਈਵੇਟ ਸਕੂਲਾਂ ਨੂੰ ਆਪਣੀ ਛੇਵੀਂ ਤੋਂ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ”ਸਰਬੱਤ AI” ਪੋਰਟਲ ‘ਤੇ ਰਜਿਸਟਰਡ ਕਰਵਾਉਣਾ ਹੋਵੇਗਾ ਜਿਸ ਤਹਿਤ ਹਰ ਵਿਦਿਆਰਥੀ ਦੀ ਇੱਕ ਲਾਗਇਨ ਆਈਡੀ ਬਣੇਗੀ ਜਿਸਦੇ ਆਧਾਰ ‘ਤੇ ਵਿਸ਼ਾ ਪੜਾਇਆ ਜਾਵੇਗਾ। ਪ੍ਰਾਈਵੇਟ ਸਕੂਲ ਆਪਣੇ ਹਰੇਕ ਵਿਦਿਆਰਥੀ ਤੋਂ 100 ਰੁਪਏ ਪ੍ਰਤੀ ਮਹੀਨਾ ਇਕੱਠਾ ਕਰਨਗੇ ਇਸ ਤੋਂ ਇਲਾਵਾ ਇੱਕ ਸਾਲ ਵਿੱਚ ਤਿੰਨ ਵਾਰ ਹੋਣ ਵਾਲੀ ਪ੍ਰੀਖਿਆ ਲਈ 50 ਰੁਪਏ ਪ੍ਰਤੀ ਪ੍ਰੀਖਿਆ ਫੀਸ ਵੀ ਵਿਦਿਆਰਥੀ ਤੋਂ ਇਕੱਠੀ ਕੀਤੀ ਜਾਵੇਗੀ ਅਤੇ ਦੋ ਯੂਨਿਟ ਟੈਸਟਾਂ ਲਈ 10 ਰੁਪਏ ਪ੍ਰਤੀ ਵਿਦਿਆਰਥੀ ਇਕੱਠਾ ਕੀਤਾ ਜਾਵੇਗਾ, ਇਹ ਸਾਰੀ ਰਕਮ ਪ੍ਰਾਈਵੇਟ ਸਕੂਲ ਇਕੱਠੀ ਕਰਕੇ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਦੇ ਪਾਬੰਦ ਹੋਣਗੇ ਜਾਂ ਫਿਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਕੰਪਨੀ ਨੂੰ ਦੇਣਗੇ। ਇਕ ਅਹਿਮ ਤੱਥ ਹੈ ਇਹ ਹੈ ਕਿ ਸਕੂਲਾਂ ਵਿੱਚ ਏਆਈ ਦਾ ਮੁੱਖ ਵਿਸ਼ਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਪੜਾਉਣ ਲਈ ਠੇਕਾ ਦਿੱਤਾ ਗਿਆ ਹੈ ਇਹੀ ਕੰਪਨੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਸੰਬੰਧਿਤ ਕਿਤਾਬਾਂ ਮੁਹੱਈਆ ਕਰਵਾਏਗੀ ਜਿਸ ਦੀ ਕੀਮਤ 73 ਰੁਪਏ ਪ੍ਤੀ ਵਿਦਿਆਰਥੀਆਂ ਨਿਰਧਾਰਿਤ ਕੀਤੀ ਗਈ ਹੈ ਭਾਵ ਕਿ ਇੱਕ ਕਿਤਾਬ 73 ਰੁਪਏ ਵਿੱਚ ਵਿਦਿਆਰਥੀ ਨੂੰ ਦਿੱਤੀ ਜਾਵੇਗੀ ਅਤੇ ਪੈਸੇ ਦੀ ਵਿਦਿਆਰਥੀ ਤੋਂ ਹੀ ਲਏ ਜਾਣਗੇ। ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲ ਆਪਣੇ ਦੋ ਅਧਿਆਪਕਾਂ ਨੂੰ ਇਸ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿਵਾਉਣਗੇ ਜਿਸ ਦਾ ਖਰਚਾ ਵੀ ਸਕੂਲ ਆਪਣੇ ਕੋਲੋਂ ਕਰਨਗੇ, ਇਹ ਖਰਚਾ ਪ੍ਰਤੀ ਅਧਿਆਪਕ ਲੱਗਭੱਗ 21000 ਦੱਸਿਆ ਜਾ ਰਿਹਾ ਹੈ।
-ਕੀ ਹੈ ਪ੍ਰਾਈਵੇਟ ਸਕੂਲਾਂ ਦਾ ਤਰਕ
ਸਰਕਾਰ ਦੇ ਇਸ “ਸਰਬੱਤ AI” ਪ੍ਰੋਜੈਕਟ ਦਾ ਪ੍ਰਾਈਵੇਟ ਸਕੂਲਾਂ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਪ੍ਰਤੀ ਵਿਦਿਆਰਥੀ 100 ਰੁਪਏ ਇਕੱਠਾ ਕਰਨਾ ਵਿਦਿਆਰਥੀਆਂ ‘ਤੇ ਵਾਧੂ ਵਿਧੀ ਬੋਝ ਪਾਉਣਾ ਹੈ। ‌ ਪ੍ਰਾਈਵੇਟ ਸਕੂਲਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨਿੱਜੀ ਸੰਸਥਾ ਜਾਂ ਪੋਰਟਲ ਦੇ ਮਾਧਿਅਮ ਨਾਲ ਸਿੱਧੇ ਤੌਰ ‘ਤੇ ਪ੍ਰੀਖਿਆ ਆਯੋਜਿਤ ਕਰਨਾ ਅਤੇ ਪ੍ਰਤੀ ਮਹੀਨਾ ਫੀਸ ਵਸੂਲਣ ਦੀ ਪ੍ਰਕਿਰਿਆ ਨਾਲ ਸਿੱਖਿਆ ਦਾ ਸਿੱਧੇ ਤੌਰ ‘ਤੇ ਵਪਾਰੀਕਰਨ ਹੋ ਰਿਹਾ ਹੈ। ਤਰਕ ਇਹ ਵੀ ਹੈ ਕਿ ਸਰਕਾਰ ਜਿਸ ਕੰਪਨੀ ਨੂੰ AI ਵਿਸ਼ਾ ਪੜਾਉਣ ਦਾ ਠੇਕਾ ਦੇ ਰਹੀ ਹੈ ਉਸ ਨੂੰ ਆਪਣੇ ਪੱਧਰ ‘ਤੇ ਪੈਸਾ ਕਿਉਂ ਨਹੀਂ ਦੇ ਰਹੀ। ਪੰਜਾਬ ਸਰਕਾਰ ਦਾ ਇਸ ਪ੍ਰੋਜੈਕਟ ਪਿੱਛੇ ਤਰਕ ਹੈ ਕਿ ਇਸ ਪਹਿਲ ਦੇ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਦੇ ਨਾਲ ਭਵਿੱਖ ‘ਚ ਰੁਜ਼ਗਾਰ ਦੇ ਨਵੇਂ ਮੌਕੇ ਹੋਣਗੇ ਪਰੰਤੂ ਵੱਡੇ ਸਵਾਲ ਇਹ ਖੜੇ ਹੁੰਦੇ ਹਨ ਕਿ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਸੂਬੇ ਦੇ ਸਕੂਲਾਂ ‘ਚ ਪੜ੍ਹਾਈ ਕਰਵਾਉਣ ਦਾ ਠੇਕਾ ਦੇ ਦਿੱਤਾ ਹੈ ਅਤੇ ਜਿਸ ਦੇ ਬਦਲ ਵਜੋਂ ਫੀਸ ਵੀ ਵਿਦਿਆਰਥੀਆਂ ਤੋਂ ਹੀ ਇਕੱਠੀ ਕੀਤੀ ਜਾਵੇਗੀ।
ਫੋਟੋ ਕੈਪਸ਼ਨ-AI ਤਸਵੀਰ

Gee98 Ads
error: Content is protected !!