Skip to main content

Gee 98News

ਮੋਬਾਈਲ ਦੇ ਫੋਟੋ ਫਿਲਟਰ ਨੇ ਪਾਤਾ ਸਿਆਪਾ…ਸਾਹਮਣੇ ਖੜੇ ਲਾੜੇ ਨੂੰ ਦੇਖ ਕੇ ਲਾੜੀ ਮੁੱਕਰੀ

-ਬਰਾਤ ਲੈ ਕੇ ਪੁੱਜੇ ਲਾੜੇ ਦਾ ਚਿਹਰਾ ਦੇਖ ਕੇ ਲਾੜੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ

ਚੰਡੀਗੜ੍ਹ, 19 ਅਗਸਤ , Gee98 News service-

-ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਦਿਲਚਸਪ ਹੋਣ ਦੇ ਨਾਲ ਨਾਲ ਸੋਚਣ ਲਈ ਵੀ ਮਜ਼ਬੂਰ ਕਰ ਦਿੰਦੀਆਂ ਹਨ। ਅਜਿਹੀ ਇੱਕ ਖ਼ਬਰ ਤਹਿਤ ਇੱਕ ਵਿਆਹ ਸਮਾਗਮ ‘ਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜੀ ਦਾ ਦੋਸ਼ ਹੈ ਕਿ ਜਿਸ ਲੜਕੇ ਦੀ ਵਿਆਹ ਤੋਂ ਪਹਿਲਾਂ ਉਸ ਨੂੰ ਫੋਟੋ ਦਿਖਾਈ ਗਈ ਸੀ ਉਹ ਹੋਰ ਹੈ ਅਤੇ ਬਰਾਤ ਲੈ ਕੇ ਆਇਆ ਲੜਕਾ ਹੋਰ ਹੈ। ਇਹ ਮਾਮਲਾ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਖੇਤਰ ਨਾਲ ਸਬੰਧਿਤ ਪਿੰਡ ਟੀਟੂ ਖੇੜਾ ਦਾ ਹੈ ਜਿੱਥੇ ਰਾਜਸਥਾਨ ਤੋਂ ਬਰਾਤ ਪੁੱਜੀ ਸੀ। ਇਹ ਬਰਾਤ ਪੂਰੀ ਧੂਮ ਧਾਮ ਨਾਲ ਪਿੰਡ ਵਿੱਚ ਪੁੱਜੀ, ਫੇਰਿਆਂ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਪ੍ਰੰਤੂ ਜਦ ਫੇਰਿਆਂ ਦੀ ਰਸਮ ਸ਼ੁਰੂ ਹੋਣ ਲੱਗੀ ਤਾਂ ਗੜਬੜ ਹੋ ਗਈ ਕਿਉਂਕਿ ਇਸ ਦੌਰਾਨ ਲਾੜੀ ਨੇ ਲਾੜੇ ਦੇ ਨਜ਼ਦੀਕ ਆ ਕੇ ਜਦ ਉਸ ਨੂੰ ਦੇਖਿਆ ਤਾਂ ਉਸਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜੀ ਗੀਤਾ ਨੇ ਦੋਸ਼ ਲਗਾਇਆ ਕਿ ਵਿਆਹ ਤੈਅ ਕਰਦੇ ਸਮੇਂ ਉਸ ਨੂੰ ਕਿਸੇ ਹੋਰ ਲੜਕੇ ਦੀ ਫੋਟੋ ਦਿਖਾਈ ਗਈ ਸੀ ਜਦਕਿ ਸਿਹਰਾ ਬੰਨ ਕੇ ਆਇਆ ਲੜਕਾ ਕੋਈ ਹੋਰ ਹੈ। ਪਰਿਵਾਰ ਵਾਲਿਆਂ ਨੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਲਾੜੀ ਨੇ ਧਮਕੀ ਦਿੱਤੀ ਕਿ ਜੇਕਰ ਉਸ ਨਾਲ ਜ਼ਬਰਦਸਤੀ ਕੀਤੀ ਗਈ ਤਾਂ ਉਹ ਆਤਮ ਹੱਤਿਆ ਕਰ ਲਵੇਗੀ। ਲਾੜੀ ਨੇ ਦੱਸਿਆ ਕਿ ਉਸਨੂੰ ਵਿਆਹ ਤੋਂ ਪਹਿਲਾਂ ਮੋਬਾਈਲ ਫੋਨ ‘ਤੇ ਫਿਲਟਰ ਲਗਾ ਕੇ ਲੜਕੇ ਦੀ ਫੋਟੋ ਦਿਖਾਈ ਗਈ ਸੀ। ਦੂਜੇ ਪਾਸੇ ਲੜਕੇ ਵਾਲਿਆਂ ਦਾ ਪੱਖ ਹੈ ਕਿ ਜਿਸ ਲੜਕੇ ਦੀ ਫੋਟੋ ਵਿਚੋਲੇ ਅਤੇ ਲੜਕੀ ਦੀ ਮਾਂ ਨੂੰ ਭੇਜੀ ਗਈ ਸੀ,ਉਹੀ ਲੜਕਾ ਬਰਾਤ ਲੈ ਕੇ ਆਇਆ ਹੈ। ਸਾਰੇ ਪਿੰਡ ਦਾ ਇਕੱਠ ਹੋਣ ਤੋਂ ਬਾਅਦ ਮਾਮਲਾ ਜਦ ਕਾਫ਼ੀ ਉਲਝ ਗਿਆ ਤਾਂ ਪੁਲਿਸ ਦੀ ਐਂਟਰੀ ਹੋਈ। ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ, ਪੁਲਿਸ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਵਿਚੋਲੇ ਤੋਂ ਪੁੱਛਗਿੱਛ ਕਰੇਗੀ ਜਿਸ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਬਰਾਤ ਲੈ ਕੇ ਪੁੱਜੇ ਲਾੜੇ ਦੀ ਫੋਟੋ

Gee98 Ads
error: Content is protected !!