– ਸੂਸਾਈਡ ਨੋਟ ‘ਚ ਪਿੰਡ ਝਲੂਰ ਦੇ ਏਜੰਟ ‘ਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਮਾਰਨ ਦੇ ਦੋਸ਼
ਬਰਨਾਲਾ, 22 ਅਗਸਤ ( ਨਿਰਮਲ ਸਿੰਘ ਪੰਡੋਰੀ )-
-ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਨਾਲ ਸੰਬੰਧਿਤ ਇੱਕ ਮੁੰਡੇ ਤੇ ਕੁੜੀ ਨੇ ਜ਼ੀਰਕਪੁਰ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਜਿਨਾਂ ਵਿੱਚੋਂ ਕੁੜੀ ਦੀ ਮੌਤ ਹੋ ਗਈ ਹੈ ਅਤੇ ਮੁੰਡਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਜਿਸ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਇੱਕ ਹੱਥ ਲਿਖਤ ਆਤਮ ਹੱਤਿਆ ਨੋਟ ਬਰਾਮਦ ਕੀਤਾ ਜਿਸ ਵਿੱਚ ਲਿਖਿਆ ਹੈ ਕਿ ਆਤਮ ਹੱਤਿਆ ਦਾ ਯਤਨ ਕਰਨ ਵਾਲਾ ਹਾਕਮ ਸਿੰਘ ਅਤੇ ਗਗਨਦੀਪ ਕੌਰ ਦੋਵੇਂ ਪਿੰਡ ਸੇਖਾ ਜ਼ਿਲ੍ਹਾ ਬਰਨਾਲਾਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਪ੍ਰੇਮ ਵਿਆਹ ਵਿਆਹ ਕੀਤਾ ਹੋਇਆ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਸੂਸਾਈਡ ਨੋਟ ਦੀ ਇਬਾਰਤ ਪੜ੍ਹਨ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਇਹ ਸੂਸਾਈਡ ਨੋਟ ਹਾਕਮ ਸਿੰਘ ਤੇ ਗਗਨਦੀਪ ਸਿੰਘ ਦੋਵਾਂ ਨੇ ਮਿਲ ਕੇ ਲਿਖਿਆ ਹੈ ਜਿਸ ਉੱਪਰ ਦੋਵਾਂ ਦੇ ਹੀ ਦਸਤਖ਼ਤ ਹਨ। ਇਸ ਆਤਮਹੱਤਿਆ ਨੋਟ ਵਿੱਚ ਹਾਕਮ ਸਿੰਘ ਅਤੇ ਗਗਨਦੀਪ ਕੌਰ ਨੇ ਲਿਖਿਆ ਹੈ ਕਿ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਬਰਨਾਲਾ ਜ਼ਿਲ੍ਹੇ ਦੇ ਹੀ ਪਿੰਡ ਝਲੂਰ ਦੇ ਇੱਕ ਏਜੰਟ ਨੂੰ ਮੰਨਿਆ ਜਾਵੇ ਜਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਦੋਵਾਂ ਤੋਂ 36 ਲੱਖ ਰੁਪਏ ਠੱਗ ਲਏ ਹਨ ਪਰੰਤੂ ਏਜੰਟ ਨੇ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ। ਦੋਵਾਂ ਵੱਲੋਂ ਸਲਫਾਸ ਖਾਣ ਤੋਂ ਪਹਿਲਾਂ ਲਿਖੇ ਗਏ ਆਤਮਹੱਤਿਆ ਨੋਟ ਦੇ ਅਨੁਸਾਰ ਦੋਵਾਂ ਨੇ ਲਵ ਮੈਰਿਜ ਕੀਤੀ ਸੀ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਵਿਖੇ ਇੱਕ PG ਵਿੱਚ ਰਹਿ ਰਹੇ ਹਨ। ਪੁਲਿਸ ਨੂੰ ਮਿਲੇ ਸੂਸਾਈਡ ਨੋਟ ਵਿੱਚ ਹਾਕਮ ਸਿੰਘ ਅਤੇ ਗਗਨਦੀਪ ਕੌਰ ਨੇ ਲਿਖਿਆ ਕਿ ਉਹਨਾਂ ਦੀ ਲਵ ਮੈਰਿਜ ਬਾਰੇ ਉਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਸ਼ੁਰੂ ਵਿੱਚ ਕੋਈ ਜਾਣਕਾਰੀ ਨਹੀਂ ਸੀ ਅਤੇ ਇਸ ਬਾਰੇ ਉਹਨਾਂ ਦਾ ਸਹਿਪਾਠੀ ਇੱਕ ਏਜੰਟ ਜਾਣਦਾ ਸੀ ਜਿਸ ਨੇ ਉਹਨਾਂ ਦੋਵਾਂ ਨੂੰ ਝਾਂਸੇ ਵਿੱਚ ਲਿਆ ਕਿ ਉਹ ਉਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਵਿਦੇਸ਼ ਭੇਜ ਦੇਵੇਗਾ। ਸੂਸਾਈਡ ਨੋਟ ਵਿੱਚ ਇਹ ਵੀ ਦੋਸ਼ ਲਗਾਏ ਹਨ ਕਿ ਏਜੰਟ ਨੇ ਦੋਵਾਂ ਤੋਂ ਕਈ ਵਾਰ ਪੈਸੇ ਲਏ ਅਤੇ ਕੁੱਲ ਮਿਲਾ ਕੇ ਏਜੰਟ ਨੇ ਦੋਵਾਂ ਤੋਂ 36 ਲੱਖ ਰੁਪਏ ਲਏ ਪਰੰਤੂ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਏਜੰਟ ਵੱਲੋਂ ਪੈਸੇ ਵਾਪਸ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਦੋਵੇਂ ਜਣੇ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਸਨ ਅਤੇ ਸ਼ੁੱਕਰਵਾਰ ਦੋਵਾਂ ਜਣਿਆਂ ਨੇ ਆਪਣੇ PG ਕਮਰੇ ਵਿੱਚ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਕਾਰਨ ਗਗਨਦੀਪ ਕੌਰ ਦੀ ਮੌਤ ਹੋ ਗਈ ਅਤੇ ਹਾਕਮ ਸਿੰਘ ਦੀ ਹਾਲਤ ਗੰਭੀਰ ਹੈ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਵੱਲੋਂ ਆਤਮਹੱਤਿਆ ਨੋਟ ਵਿੱਚ ਲਗਾਏ ਦੋਸ਼ਾਂ ਅਨੁਸਾਰ 36 ਲੱਖ ਰੁਪਏ ਦੇ ਕਥਿਤ ਲੈਣ ਦੇਣ ਨਾਲ ਸਬੰਧਿਤ ਏਜੰਟ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਰਿਸਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਹਸਪਤਾਲ ਵਿੱਚ ਜੇਰੇ ਇਲਾਜ ਹਾਕਮ ਸਿੰਘ ਦੀ ਤਸਵੀਰ