*ਬੋਲ ਪੰਡੋਰੀ ਦੇ…ਕੁਛ ਤੋਂ ਗੜਬੜ ਹੈ…ਚੇਅਰਮੈਨ ਦੀ ਤਬਦੀਲੀ
*ਨਿਰਮਲ ਸਿੰਘ ਪੰਡੋਰੀ, ਪੱਤਰਕਾਰ….!
-23.8.2026
-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਤਬਦੀਲੀ ਨੇ ਸਭ ਦਾ ਧਿਆਨ ਖਿੱਚਿਆ ਹੈ। ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੇ ਅਹੁਦੇ ਤੋਂ ਸੁਖਵਿੰਦਰ ਦਾਸ ਬਾਵਾ ਨੂੰ ਹਟਾ ਕੇ ਬਰਜਿੰਦਰਪਾਲ ਸਿੰਘ ਉਰਫ਼ ਪੁਨੀਤ ਮਾਨ ਗਹਿਲ ਨੂੰ ਨਵਾਂ ਚੇਅਰਮੈਨ ਲਗਾ ਦਿੱਤਾ ਹੈ। ਦੱਸ ਦੇਈਏ ਕਿ ਪੁਨੀਤ ਮਾਨ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨੀ ਦਾ ਵੀ ਮਜ਼ਬੂਤ ਦਾਅਵੇਦਾਰ ਸੀ ਪ੍ਰੰਤੂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਔਰਤ ਲਈ ਰੱਖੀ ਹੋਣ ਕਰਕੇ ਪੁਨੀਤ ਮਾਨ ਇਸ ਵੱਡੀ ਅਹੁਦੇ ਤੋਂ ਖੁੰਝ ਗਿਆ ਸੀ। ਸਰਕਾਰ ਵੱਲੋਂ ਲਿਆ ਇਹ ਵੱਡਾ ਫੈਸਲਾ ਹਲਕਾ ਵਿਧਾਇਕ ਦੀ ਸਿਫਾਰਸ਼ ਤੋਂ ਬਿਨਾਂ ਸੰਭਵ ਨਹੀਂ ਹੈ ਜਿਸ ‘ਤੇ ਹੈਰਾਨੀ ਇਸ ਕਰਕੇ ਵੀ ਹੈ ਕਿਉਂਕਿ ਸੁਖਵਿੰਦਰ ਦਾਸ ਹਲਕਾ ਵਿਧਾਇਕ ਦੀ ਬੁੱਕਲ ਦਾ ਬੰਦਾ ਮੰਨਿਆ ਜਾਂਦਾ ਸੀ। ਇਹ ਆਉਣ ਵਾਲੇ ਦਿਨਾਂ ‘ਚ ਪਤਾ ਲੱਗ ਹੀ ਜਾਵੇਗਾ ਕਿ ਵਿਧਾਇਕ ਨੇ ਆਪਣੀ ਬੁੱਕਲ ਢਿੱਲੀ ਕਰ ਦਿੱਤੀ ਜਾਂ ਫਿਰ ਬਾਵਾ ਖੁਦ ਹੀ ਟਪੂਸੀ ਮਾਰ ਗਿਆ। ਚਰਚਾ ਹੈ ਕਿ ਪਹਿਲਾ ਵਾਲੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ ਕੁਰੜ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਉਹਨਾਂ ਨੂੰ ਬਦਲਿਆ ਗਿਆ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਚੇਅਰਮੈਨ ਦੀ ਤਬਦੀਲੀ ਦੇ ਕਾਰਨ ਕੁਝ ਹੋਰ ਹਨ, ਜਿਨਾਂ ਤੋਂ ਸਪੱਸ਼ਟ ਹੈ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਆਮ ਆਦਮੀ ਪਾਰਟੀ ‘ਚ “ਸਭ ਅੱਛਾ ਨਹੀਂ” ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੁਖਵਿੰਦਰ ਦਾਸ ਬਾਵਾ “ਆਪ” ਦੇ ਗਠਨ ਵੇਲੇ ਤੋਂ ਲੈ ਕੇ ਹੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸਦੀ ਚੇਅਰਮੈਨੀ ਦੇ ਕਾਰਜਕਾਲ ਦੌਰਾਨ ਵੀ ਕੋਈ ਅਜਿਹਾ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਨੇ ਪਾਰਟੀ ਨੂੰ ਨਮੋਸ਼ੀ ਵਿੱਚ ਪਾਇਆ ਹੋਵੇ। ਉੰਝ ਭਾਵੇਂ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਟਿਕਟ ਦੀ ਦਾਅਵੇਦਾਰੀ ਕਰਨ ਵਾਲੇ ਕਾਂਗਰਸੀ ਆਗੂਆਂ ਦੀ ਵੱਧ ਗਿਣਤੀ ‘ਤੇ ਆਪ ਆਗੂ ਅਕਸਰ ਸਿਆਸੀ ਤੇ ਮਜ਼ਾਹੀਆ ਟਿੱਪਣੀਆਂ ਕਰਦੇ ਰਹਿੰਦੇ ਹਨ ਪ੍ਰੰਤੂ ਚੋਣਾਂ ਦੇ ਨੇੜੇ ਆ ਕੇ ਚੇਅਰਮੈਨ ਦੀ ਤਬਦੀਲੀ ਤੋਂ ਸਪੱਸ਼ਟ ਹੈ ਕਿ ਮਾਮਲਾ ਸੱਤਾਧਾਰੀ ਪਾਰਟੀ ਵਿੱਚ ਵੀ ਗੜਬੜੀ ਵਾਲਾ ਹੀ ਹੈ, ਬੱਸ ਫਰਕ ਐਨਾ ਕੁ ਹੀ ਹੈ ਕਿ ਸੱਤਾਧਾਰੀਆਂ ਨੇ ਆਪਣੀਆਂ ਕੱਛ ‘ਚ ਅਤੇ ਵਿਰੋਧੀਆਂ ਦੀਆਂ ਹੱਥ ‘ਚ ਰੱਖੀਆਂ ਹਨ ਪ੍ਰੰਤੂ ਚੇਅਰਮੈਨ ਦੀ ਤਬਦੀਲੀ ਤੋਂ ਬਾਅਦ ਹੁਣ ਸੱਤਾਧਾਰੀਆਂ ਦੀਆਂ ਆਪਣੀਆਂ ਕੱਛ ‘ਚੋਂ ਨਿਕਲ ਕੇ ਨੱਚ ਰਹੀਆ ਹਨ ਜਿਨਾਂ ਨੇ ਹਲਕੇ ਦੀ ਰਾਜਨੀਤੀ ਨੂੰ ਦਿਲਚਸਪ ਬਣਾ ਦਿੱਤਾ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਹਲਕਾ ਮਹਿਲ ਕਲਾਂ ਤੋਂ ਇਸ ਵਾਰ ਸੱਤਾਧਾਰੀ ਪਾਰਟੀ ਦੀ ਟਿਕਟ ਲਈ ਮੌਜੂਦਾ ਵਿਧਾਇਕ ਦੇ ਨਾਲ-ਨਾਲ ਸ਼ੇਰਪੁਰ ਵਾਲੇ ਪਾਸੇ ਤੋਂ ਪਾਰਟੀ ਦੇ ਹੀ ਟਕਸਾਲੀ ਆਗੂਆਂ ਦੇ ਤਕੜੇ ਗਰੁੱਪ ਨੇ ਚਰਨ ਸਿੰਘ ਖੇੜੀ ਨੂੰ ਥਾਪੜਾ ਦੇ ਕੇ ਦਾਅਵਾ ਠੋਕ ਦਿੱਤਾ ਹੈ ,ਇਸ ਤੋਂ ਇਲਾਵਾ ਪਾਰਟੀ ਦੇ ਇੱਕ ਹੋਰ ਸਰਗਰਮ ਚਿਹਰੇ ਰਿੰਕਾ ਕੁਤਬਾ ਬਾਹਮਣੀਆਂ ਨੇ ਵੀ ਟਿਕਟ ‘ਤੇ ਪਹਿਲਾਂ ਹੀ ਦਾਅਵਾ ਠੋਕਿਆ ਹੋਇਆ ਹੈ। ਕੁੱਲ ਮਿਲਾ ਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਤਬਦੀਲੀ ਤੋਂ ਬਾਅਦ ਹਲਕੇ ‘ਚ ਸੱਤਾਧਾਰੀ ਪਾਰਟੀ ਦੇ ਅੰਦਰੂਨੀ ਹਾਲਾਤ ਕੁਝ ਅਜਿਹੇ ਬਣ ਚੁੱਕੇ ਹਨ ਕਿ ਦੂਜਿਆਂ ਦੀਆਂ ਮੋਰੀਆਂ ਰਾਹੀਂ ਅੰਦਰ ਝਾਕਣ ਵਾਲੇ ‘ਆਪ’ ਵਰਕਰਾਂ ਨੂੰ ਹੁਣ ਆਪਣੀਆਂ ਮੋਰੀਆਂ ਬੰਦ ਰੱਖਣੀਆਂ ਪੈਣਗੀਆਂ।