ਚੰਡੀਗੜ੍ਹ, 24 ਅਗਸਤ, Gee98 news service-
-ਖੰਡ ਦੀ ਵਧੀ ਹੋਈ ਕੀਮਤ ਨੇ ਰਸੋਈ ਦੀ ਮਿਠਾਸ ਵਿੱਚ ਕੜਵਾਹਟ ਭਰ ਦਿੱਤੀ ਹੈ। ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਇਸ ਮੁੱਦੇ ‘ਤੇ ਲਗਾਤਾਰ ਘੇਰਿਆ ਜਾ ਰਿਹਾ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਤਿਉਹਾਰਾਂ ਦੇ ਮੱਦੇਨਜ਼ਰ ਖੰਡ ਦਾ ਵਾਧੂ ਸਟਾਕ ਰੱਖਣ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਜ਼ਿਆਦਾ ਮਾਤਰਾ ਵਿੱਚ ਖੰਡ ਦੀ ਵਰਤੋਂ ਕਰਨ ਵਾਲੇ ਵੱਡੇ ਕਾਰੋਬਾਰੀਆਂ ਲਈ ਤੈਅ ਹੱਦ ਤੋਂ ਵੱਧ ਖੰਡ ਸਟਾਕ ਕਰਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ। ਤਿਉਹਾਰਾਂ ਤੋਂ ਪਹਿਲਾਂ ਖੰਡ ਦੀ ਜਮਾਂਖੋਰੀ ਅਤੇ ਵਧਦੀਆਂ ਕੀਮਤਾਂ ‘ਤੇ ਰੋਕ ਲਗਾਉਣ ਲਈ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਨਵੇਂ ਨਿਯਮਾਂ ਤਹਿਤ ਤੈਅ ਸੀਮਾ ਤੋਂ ਵੱਧ ਖੰਡ ਜਮ੍ਹਾਂ ਰੱਖਣ ‘ਤੇ ਕਾਰਵਾਈ ਹੋ ਸਕਦੀ ਹੈ। ਸਰਕਾਰ ਨੇ ਇਸ ਨੂੰ ਦੇਖਦੇ ਹੋਏ ਵੱਡੇ ਖਰੀਦਦਾਰਾਂ ਲਈ ਸਟਾਕ ਰੱਖਣ ਦੀ ਮਿਆਦ ਘਟਾ ਕੇ ਹੁਣ 15 ਦਿਨ ਕਰ ਦਿੱਤੀ ਹੈ। ਨਵੇਂ ਹੁਕਮ ਮੁਤਾਬਕ ਇਹ ਨਿਯਮ 1 ਸਤੰਬਰ ਤੋਂ 30 ਨਵੰਬਰ 2026 ਤੱਕ ਲਾਗੂ ਰਹੇਗਾ। ਹਾਲਾਂਕਿ, ਇਹ ਨਿਯਮ ਉਨ੍ਹਾਂ ਕਾਰੋਬਾਰੀਆਂ ਜਾਂ ਸੰਸਥਾਵਾਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਹਰ ਮਹੀਨੇ ਖੰਡ ਦੀ ਖਪਤ 10 ਮੀਟ੍ਰਿਕ ਟਨ ਯਾਨੀ 100 ਕੁਇੰਟਲ ਤੋਂ ਵੱਧ ਹੈ। ਅਜਿਹੇ ਖਰੀਦਦਾਰ ਆਪਣੀ 15 ਦਿਨਾਂ ਦੀ ਲੋੜ ਤੋਂ ਵੱਧ ਖੰਡ ਸਟਾਕ ਵਿੱਚ ਨਹੀਂ ਰੱਖ ਸਕਣਗੇ। ਵੱਡੇ ਹਲਵਾਈ ਅਤੇ ਮਿਠਾਈ ਵਿਕਰੇਤਾ,ਬੇਕਰੀ ਅਤੇ ਕਨਫੈਕਸ਼ਨਰੀ ਯੂਨਿਟ,ਸਾਫਟ ਡ੍ਰਿੰਕ ਬਣਾਉਣ ਵਾਲੀਆਂ ਕੰਪਨੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਅਤੇ ਹੋਰ ਵੱਡੇ ਥੋਕ ਖਪਤਕਾਰ ਖੰਡ ਦੇ ਸਟਾਕ ਸਬੰਧੀ ਇਹਨਾਂ ਨਵੇਂ ਨਿਯਮਾਂ ਦੇ ਘੇਰੇ ਵਿੱਚ ਆਉਣਗੇ।ਦਰਅਸਲ, ਸਰਕਾਰ ਨੇ ਇਸ ਤੋਂ ਪਹਿਲਾਂ ਕਾਰੋਬਾਰੀਆਂ ਲਈ ਖੰਡ ਦਾ ਸਟਾਕ ਰੱਖਣ ਦੀ ਤੈਅ ਹੱਦ 30 ਦਿਨ ਰੱਖੀ ਸੀ। ਪਰ ਕੀਮਤਾਂ ਵਿੱਚ ਤੇਜ਼ੀ ਜਾਰੀ ਰਹਿਣ ਤੋਂ ਬਾਅਦ ਹੁਣ ਇਸ ਹੱਦ ਨੂੰ ਘਟਾ ਕੇ 15 ਦਿਨ ਕਰ ਦਿੱਤਾ ਗਿਆ ਹੈ। ਕਿਉਂਕਿ ਤਿਉਹਾਰੀ ਸੀਜ਼ਨ ਵਿੱਚ ਖੰਡ ਦੀ ਮੰਗ ਅਚਾਨਕ ਵਧ ਜਾਂਦੀ ਹੈ ਅਤੇ ਇਸ ਦੌਰਾਨ ਬਿਸਕੁਟ, ਮਿਠਾਈ ਅਤੇ ਕਨਫੈਕਸ਼ਨਰੀ ਬਣਾਉਣ ਵਾਲੀਆਂ ਕੰਪਨੀਆਂ ਪਹਿਲਾਂ ਤੋਂ ਹੀ ਸਟਾਕ ਤਿਆਰ ਕਰ ਲੈਂਦੀਆਂ ਹਨ।
-ਸਰਕਾਰ ਕਿਵੇਂ ਕਰੇਗੀ ਸਟਾਕ ਦੀ ਨਿਗਰਾਨੀ ?
ਸਰਕਾਰ ਇਹ ਪਤਾ ਲਗਾਉਣ ਲਈ ਖਰੀਦਦਾਰਾਂ ਦੀ ਖੰਡ ਖਰੀਦ ਅਤੇ ਖਪਤ ਨਾਲ ਸਬੰਧਤ ਅੰਕੜਿਆਂ ਦਾ ਮਿਲਾਨ ਕਰੇਗੀ। ਇਸ ਲਈ ਖੰਡ ਮਿੱਲਾਂ ਵੱਲੋਂ ਵੱਡੇ ਖਰੀਦਦਾਰਾਂ ਨੂੰ ਕੀਤੀ ਗਈ ਵਿਕਰੀ ਅਤੇ ਕਾਰੋਬਾਰੀਆਂ ਦੇ GST ਰਿਟਰਨ ਵਿੱਚ ਦਰਜ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ।ਖੰਡ ਨਾਲ ਸਬੰਧਤ HSN ਕੋਡ ਦੀ ਜਾਣਕਾਰੀ ਚੈੱਕ ਕੀਤੀ ਜਾਵੇਗੀ।ਖੰਡ ਮਿੱਲਾਂ ਤੋਂ ਹੋਈ ਵਿਕਰੀ ਦਾ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ।
ਖਰੀਦਦਾਰ ਨੇ ਕਿੰਨੀ ਖੰਡ ਖਰੀਦੀ ਅਤੇ ਉਸ ਦੀ ਖਪਤ ਕਿੰਨੀ ਹੈ, ਇਸ ਦਾ ਵੀ ਪਤਾ ਲਗਾਇਆ ਜਾਵੇਗਾ। ਇਸੇ ਡਾਟਾ ਦੇ ਆਧਾਰ ‘ਤੇ ਸਰਕਾਰ ਲੋੜ ਤੋਂ ਵੱਧ ਖੰਡ ਦਾ ਸਟਾਕ ਰੱਖਣ ਵਾਲੇ ਕਾਰੋਬਾਰੀਆਂ ‘ਤੇ ਨਜ਼ਰ ਰੱਖੇਗੀ।