Skip to main content

Gee 98News

ਭਗਵੰਤ ਮਾਨ ਕੈਬਨਿਟ ਦੇ ਪਹਿਲੇ 10 ਮੰਤਰੀਆਂ ਬਾਰੇ ਜਾਣੋ.. ਪੜ੍ਹੋ ਖ਼ਬਰ…!

ਬਰਨਾਲਾ 19 ਮਾਰਚ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਕੈਬਨਿਟ ਦੀ ਪਹਿਲੀ 10 ਮੰਤਰੀਆਂ ਦੀ ਸੂਚੀ ਵਿੱਚ ਵੰਨ-ਸੁਵੰਨਤਾ ਰੱਖੀ ਹੈ। ਭਗਵੰਤ ਮਾਨ ਦੀ ਕੈਬਨਿਟ ਦੀ ਪਹਿਲੀ ਸੂਚੀ ਵਿੱਚ ਜਿੱਥੇ ਉੱਚ ਸਿੱਖਿਆ ਪ੍ਰਾਪਤ ਮੰਤਰੀ ਹਨ ਉਥੇ ਹੀ ਦਸਵੀਂ ਅਤੇ ਬਾਰ੍ਹਵੀਂ ਪਾਸ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਕੈਬਨਿਟ ਦੀ ਪਹਿਲੀ ਸੂਚੀ ਵਿੱਚ ਸਿਰਫ ਦੋ ਵਿਧਾਇਕ ਹੀ ਦੂਜੀ ਵਾਰ ਚੋਣ ਜਿੱਤਣ ਵਾਲੇ ਹਨ ਜਦਕਿ ਅੱਠ ਵਿਧਾਇਕ ਪਹਿਲੀ ਵਾਰ ਚੋਣ ਜਿੱਤ ਕੇ ਆਏ ਹਨ। ਕੈਬਨਿਟ ਦੀ ਪਹਿਲੀ ਸੂਚੀ ਦੀ ਚੋਣ ‘ਤੇ ਰਾਜਨੀਤਿਕ ਮਾਹਰਾਂ ਵੱਲੋਂ ਹੈਰਾਨੀ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਧੁਰੰਤਰ ਚਿਹਰਿਆਂ ਨੂੰ ਪਹਿਲੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਪੰਜਾਬ ਦੀ ਸੱਤਾ ‘ਤੇ ਅਤੀਤ ‘ਚ ਬਿਰਾਜਮਾਨ ਹੁੰਦੀਆਂ ਰਾਜਨੀਤਕ ਪਾਰਟੀਆਂ ਨੇ ਆਪਣੀ ਪਹਿਲੀ ਸੂਚੀ ਵਿੱਚ ਹੀ ਵੱਡੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਹੈ ਜਦ ਕਿ ਭਗਵੰਤ ਮਾਨ ਨੇ ਆਪਣੀ ਪਹਿਲੀ ਸੂਚੀ ਵਿੱਚ ਆਪਣੇ ਵੱਡੇ ਚਿਹਰਿਆਂ ਨੂੰ ਬਾਹਰ ਰੱਖ ਕੇ ਸਸਪੈਂਸ ਪੈਦਾ ਕੀਤਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਖੇਤੀਬਾੜੀ ਵਿਭਾਗ ਦੇ ਮੁੱਖ ਦਾਅਵੇਦਾਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ। ਭਾਵੇਂ ਕਿ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਨੂੰ ਦੂਜੀ ਸੂਚੀ ਵਿੱਚ ਮੰਤਰੀ ਬਣਾਏ ਜਾਣ ਦੀ ਚਰਚਾ ਹੈ ਪ੍ਰੰਤੂ ਜਦ ਤਕ ਦੂਜੀ ਸੂਚੀ ਦਾ ਐਲਾਨ ਨਹੀਂ ਹੁੰਦਾ ਤਦ ਤੱਕ ਇਨ੍ਹਾਂ ਵੱਡੇ ਚਿਹਰਿਆਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ ਰਹਿਣਗੀਆਂ।
ਭਗਵੰਤ ਮਾਨ ਦੀ ਕੈਬਨਿਟ ਦੀ ਪਹਿਲੀ ਸੂਚੀ ਵਿੱਚ ਸ਼ਾਮਲ ਸਭ ਤੋਂ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਹਨ ਜੋ ਦਿੜ੍ਹਬਾ ਹਲਕੇ ਤੋਂ ਦੂਜੀ ਵਾਰ ਚੋਣ ਜਿੱਤੇ ਹਨ। ਚੀਮਾ ਪੇਸ਼ੇ ਵਜੋਂ ਵਕੀਲ ਹਨ ਅਤੇ ਸੰਗਰੂਰ ਦੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ।


ਬਰਨਾਲਾ ਜ਼ਿਲ੍ਹੇ ਤੋਂ ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਗਏ ਗੁਰਮੀਤ ਸਿੰਘ ਮੀਤ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਹਨ ਜੋ ਦੂਜੀ ਵਾਰ ਬਰਨਾਲਾ ਹਲਕੇ ਤੋਂ ਚੋਣ ਜਿੱਤੇ ਹਨ। ਮੀਤ ਹੇਅਰ ਨੇ ਬੀ ਟੈੱਕ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਦੌਰਾਨ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਸਨ।


ਗਾਇਕ ਸਿੱਧੂ ਮੂਸੇ ਵਾਲਾ ਨੂੰ ਵੱਡੀ ਲੀਡ ‘ਤੇ ਹਰਾ ਕੇ ਚਰਚਾ ਵਿੱਚ ਆਏ ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਵਿਧਾਇਕ ਡਾਕਟਰ ਵਿਜੇ ਸਿੰਗਲਾ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ ਹਨ ਜੋ ਪਹਿਲੀ ਵਾਰ ਚੋਣ ਜਿੱਤੇ ਹਨ।

Gee98 Ads

ਭਗਵੰਤ ਮਾਨ ਦੀ ਪਹਿਲੀ ਕੈਬਨਿਟ ਦੀ ਪਹਿਲੀ ਸੂਚੀ ਵਿੱਚ ਸ਼ਾਮਲ ਇਕੋ ਇਕ ਮਹਿਲਾ ਮੰਤਰੀ ਡਾ ਬਲਜੀਤ ਕੌਰ ਨੇ ਐਮਬੀਬੀਐਸ ਅਤੇ ਐਮਐਸ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ ਹਨ। ਡਾ ਬਲਜੀਤ ਕੌਰ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਸਾਧੂ ਸਿੰਘ ਦੀ ਪੁੱਤਰੀ ਹਨ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੇ ਚਾਰ ਕੁ ਮਹੀਨੇ ਪਹਿਲਾਂ ਹੀ ਸੇਵਾਮੁਕਤੀ ਲੈ ਲਈ ਸੀ।


ਅਜਨਾਲਾ ਸੀਟ ਤੋਂ ਚੋਣ ਜਿੱਤੇ ਕੁਲਦੀਪ ਸਿੰਘ ਧਾਲੀਵਾਲ ਪੜ੍ਹਾਈ ਪੱਖੋਂ ਦਸਵੀਂ ਪਾਸ ਹਨ। ਕੁਲਦੀਪ ਸਿੰਘ ਦਾ ਪਰਿਵਾਰਕ ਪਿਛੋਕੜ ਸਿਆਸੀ ਤੌਰ ‘ਤੇ ਕਾਂਗਰਸੀ ਰਿਹਾ ਹੈ। ਵਿਧਾਨ ਸਭਾ ਹਲਕਾ ਭੋਆ ਤੋਂ ਚੋਣ ਜਿੱਤੇ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਦਸਵੀਂ ਪਾਸ ਹਨ ਜੋ ਸਮਾਜ ਸੇਵਕ ਵਜੋਂ ਚੰਗੀ ਸ਼ਖ਼ਸੀਅਤ ਦੇ ਮਾਲਕ ਮੰਨੇ ਜਾਂਦੇ ਹਨ।

ਹੁਸ਼ਿਆਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੇ ਇਕ ਹੋਰ ਮੰਤਰੀ ਬ੍ਰਾਹਮ ਸ਼ੰਕਰ ਸ਼ਰਮਾ ਬਾਰ੍ਹਵੀਂ ਪਾਸ ਹਨ ਜਿਨ੍ਹਾਂ ਨੇ ਕਾਂਗਰਸ ਦੇ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਹਰਾਇਆ। ਇਸੇ ਤਰ੍ਹਾਂ ਪੱਟੀ ਹਲਕੇ ਤੋਂ ਜਿੱਤੇ ਲਾਲਜੀਤ ਸਿੰਘ ਭੁੱਲਰ ਵੀ ਬਾਰ੍ਹਵੀਂ ਪਾਸ ਹਨ। ਚਰਚਾ ਹੈ ਕਿ ਪਹਿਲੇ ਦਸ ਮੰਤਰੀਆਂ ਵਿੱਚੋਂ ਡਾ ਬਲਜੀਤ ਕੌਰ ਨੂੰ ਸਿਹਤ ਵਿਭਾਗ ਦਿੱਤਾ ਜਾ ਸਕਦਾ ਹੈ ਅਤੇ ਮੀਤ ਹੇਅਰ ਨੂੰ ਪੀਡਬਲਯੂਡੀ ਜਾਂ ਸਿੱਖਿਆ ਵਿਭਾਗ ਜਾਂ ਟਰਾਂਸਪੋਰਟ ਮਹਿਕਮਾ ਮਿਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਰਪਾਲ ਸਿੰਘ ਚੀਮਾ ਨੂੰ ਸਮਾਜਿਕ ਸੁਰੱਖਿਆ ਵਿਭਾਗ ਅਤੇ ਡਾ ਵਿਜੇ ਸਿੰਗਲਾ ਨੂੰ ਸਥਾਨਕ ਸੰਸਥਾਵਾਂ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਕਨਸੋਆਂ ਵੀ ਹਨ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਾਸ ਹੀ ਰੱਖਣਗੇ।

Gee98 Ads
error: Content is protected !!