ਅੰਮ੍ਰਿਤਸਰ 27 ਮਾਰਚ (ਨਿਰਮਲ ਸਿੰਘ ਪੰਡੋਰੀ)-ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੇ ਏ-ਬਲਾਕ ਵਿਚ ਵਾਪਰੀ ਇਕ ਘਟਨਾ ‘ਚ ਪੰਜਾਬ ਇੰਡਸਟਰੀ ਬੋਰਡ ਦੇ ਉਪ ਚੇਅਰਮੈਨ ਪਰਮਜੀਤ ਸਿੰਘ ਬਤਰਾ ਅਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਗੋਲੀ ਲੱਗਣ ਕਾਰਨ ਸਖ਼ਤ ਜ਼ਖ਼ਮੀ ਹੋ ਗਏ। ਬਤਰਾ ਅਤੇ ਉਸ ਦੇ ਮੁੰਡੇ ਉੱਪਰ ਗੋਲੀ ਉਨ੍ਹਾਂ ਦੇ ਗੁਆਂਢੀ ਕੰਵਰਪਾਲ ਸਿੰਘ ਢੀਂਗਰਾ ਨੇ ਚਲਾਈ। ਪਰਮਜੀਤ ਸਿੰਘ ਬਤਰਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ ਜਦਕਿ ਉਨ੍ਹਾਂ ਦੇ ਬੇਟੇ ਦੀ ਹਾਲਤ ਗੰਭੀਰ ਹੋਣ ਕਾਰਨ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ। ਝਗੜੇ ਦੀ ਇਸ ਘਟਨਾ ਵਿੱਚ ਕੰਵਰਪਾਲ ਸਿੰਘ ਢੀਂਗਰਾ ਦੇ ਦੋ ਬਾਉਂਸਰ ਵੀ ਜ਼ਖ਼ਮੀ ਹੋਏ ਹਨ।ਘਟਨਾ ਦੇ ਵੇਰਵੇ ਅਨੁਸਾਰ ਸ਼ਨੀਵਾਰ ਦੀ ਰਾਤ ਕੰਵਰਪਾਲ ਸਿੰਘ ਢੀਂਗਰਾ ਦੇ ਘਰ ਇਕ ਸਮਾਗਮ ਦਾ ਆਯੋਜਨ ਸੀ ਜਿਸ ਵਿੱਚ ਉਸਦੇ ਰਿਸ਼ਤੇਦਾਰਾਂ ਦਾ ਦੇਰ ਰਾਤ ਤੱਕ ਆਉਣਾ ਜਾਣਾ ਲੱਗਿਆ ਰਿਹਾ। ਰਾਤ ਕਰੀਬ ਇਕ ਵਜੇ ਪਰਮਜੀਤ ਸਿੰਘ ਬਤਰਾ ਨੇ ਗਲੀ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਜਿਸ ਕਾਰਨ ਕੰਵਰਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦ ਗੇਟ ਖੁਲ੍ਹਵਾਉਣ ਸਬੰਧੀ ਕੰਵਰਪਾਲ ਸਿੰਘ ਨੇ ਪਰਮਜੀਤ ਸਿੰਘ ਬੱਤਰਾ ਨਾਲ ਗੱਲਬਾਤ ਕੀਤੀ ਤਾਂ ਦੋਵਾਂ ਵਿੱਚ ਤਕਰਾਰ ਹੋ ਗਿਆ ਜਿਸ ਤੋਂ ਬਾਅਦ ਦੋਵੇਂ ਪਾਸੇ ਗੋਲੀਆਂ ਚੱਲੀਆਂ ਅਤੇ ਇਸ ਦੌਰਾਨ ਪੰਜਾਬ ਇੰਡਸਟਰੀ ਦੇ ਉਪ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਤੇ ਉਸ ਦਾ ਲੜਕਾ ਸਖ਼ਤ ਜ਼ਖ਼ਮੀ ਹੋ ਗਏ। ਪੁਲੀਸ ਨੇ ਦੋਵੇਂ ਧਿਰਾਂ ਉੱਪਰ ਕਰਾਸ ਕੇਸ ਦਰਜ ਕੀਤਾ ਹੈ।