ਬਰਨਾਲਾ 28 ਮਾਰਚ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਗਰਾਮ ਪੰਚਾਇਤ ਤੇ ਮੁਸ਼ਤਰਕਾ ਮਾਲਕਾਨਾ ਵਿਚਕਾਰ ਜ਼ਮੀਨ ਦੇ ਕਬਜ਼ੇ ਸਬੰਧੀ ਚੱਲ ਰਿਹਾ ਮਾਮਲਾ ਇੱਕ ਵਾਰ ਫੇਰ ਭਖ਼ਿਆ ਹੋਇਆ ਹੈ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਗਰਾਮ ਪੰਚਾਇਤ ਦੇ ਛੇ ਪੰਚਾਂ ਨੂੰ ਉਕਤ ਜ਼ਮੀਨ ਉਪਰ ਕਾਬਜ਼ ਵਿਅਕਤੀਆਂ ਨਾਲ ਮਿਲੀਭੁਗਤ ਅਤੇ ਪੰਚਾਇਤ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਦੋਸ਼ੀ ਮੰਨਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਉਕਤ ਛੇ ਪੰਚਾਂ ਨੂੰ ਪੰਚੀ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ।ਡਾਇਰੈਕਟਰ ਨੂੰ ਕੀਤੀ ਆਪਣੀ ਰਿਪੋਰਟ ਵਿੱਚ ਡੀਡੀਪੀਓ ਬਰਨਾਲਾ ਨੇ ਸਾਫ ਤੌਰ ‘ਤੇ ਲਿਖਿਆ ਹੈ ਕਿ ਗਰਾਮ ਪੰਚਾਇਤ ਛੀਨੀਵਾਲ ਕਲਾਂ ਦੇ ਪੰਚ ਬਲੌਰ ਸਿੰਘ, ਪੰਚ ਨਿਰਭੈ ਸਿੰਘ, ਪੰਚ ਕੁਲਵੰਤ ਕੌਰ,ਪੰਚ ਚਰਨਜੀਤ ਕੌਰ, ਪੰਚ ਸੁਖਵਿੰਦਰ ਕੌਰ,ਪੰਚ ਨਸੀਬ ਕੌਰ ਉਕਤ ਜ਼ਮੀਨ ਦੇ ਨਾਜਾਇਜ਼ ਕਾਬਜ਼ਕਾਰਾਂ ਨਾਲ ਮਿਲੇ ਹੋਏ ਹਨ ਅਤੇ ਗਰਾਮ ਪੰਚਾਇਤ ਦਾ ਸਾਥ ਨਹੀਂ ਦੇ ਰਹੇ ਅਤੇ ਪਿੰਡ ਦੇ ਵਿਕਾਸ ਦੇ ਕੰਮਾਂ ‘ਚ ਅੜਿੱਕਾ ਬਣ ਰਹੇ ਹਨ।