Gee 98News

ਆਪ ਦੇ ਇੱਕ ਵਿਧਾਇਕ ਨੇ ਹੀ ਮੁੱਖ ਮੰਤਰੀ ਨੂੰ ਘੇਰਿਆ.. .. ਲਿਖੀ ਤਿੱਖੀ ਚਿੱਠੀ..!

ਬਰਨਾਲਾ, 20 ਮਈ (ਨਿਰਮਲ ਸਿੰਘ ਪੰਡੋਰੀ) :

ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤਿੱਖੀ ਚਿੱਠੀ ਲਿਖ ਕੇ ਇੱਕ ਵਾਰ ਫ਼ੇਰ ਬਾਗ਼ੀ ਜਲਵਾ ਦਿਖਾਇਆ ਹੈ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਜਿਹਾ ਜਲਵਾ ਆਪਣੀ ਹੀ ਸਰਕਾਰ ਨੂੰ ਪਹਿਲਾਂ ਵੀ ਦਿਖਾ ਚੁੱਕੇ ਹਨ। ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਵਿਧਾਇਕ ਪ੍ਰਤਾਪ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਸਰਕਾਰ ਦੀ ਪਹੁੰਚ ਉੱਪਰ ਸਵਾਲ ਖੜੇ ਕੀਤੇ ਹਨ। ਉਕਤ ਗੋਲੀ ਕਾਂਡ ਸੰਬੰਧੀ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਪ੍ਰਤੀ ਸਰਕਾਰੀ ਧਿਰਾਂ ਵੱਲੋਂ ਦਿਖਾਈ ਜਾ ਰਹੀ ਲਾਪ੍ਰਵਾਹੀ ਉੱਪਰ ਵੀ ਵਿਧਾਇਕ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ।

ਉਨ੍ਹਾਂ ਆਪਣੀ ਚਿੱਠੀ ਵਿੱਚ ਖੁਲਾਸਾ ਕੀਤਾ ਕਿ ਦੋਸ਼ੀ ਧਿਰਾਂ ਜਾਂਚ ਰੱਦ ਕਰਵਾਉਣ ਲਈ ਪੂਰੇ ਕਾਨੂੰਨੀ ਜ਼ੋਰ ਨਾਲ ਚਾਰਾਜੋਈ ਕਰ ਰਹੀਆਂ ਹਨ ਪ੍ਰੰਤੂ ਸਰਕਾਰ ਦੀ ਪਹੁੰਚ ਇਨਾਂ ਮਾਮਲਿਆਂ ਪ੍ਰਤੀ ਸਹੀ ਨਹੀਂ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਚਿੱਠੀ ਨੇ ਆਰਥਿਕ ਪੱਧਰ ’ਤੇ ਘੁੰਮਣ ਘੇਰੀਆਂ ਵਿੱਚ ਫਸੀ ਆਪਣੀ ਹੀ ਸਰਕਾਰ ਨੂੰ ਕਾਨੂੰਨੀ ਪੱਧਰ ’ਤੇ ਵੀ ਲੋਕ ਕਟਿਹਰੇ ਵਿੱਚ ਖੜਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਪ੍ਰਤਾਪ ਸਾਬਕਾ ਆਈਪੀਐਸ ਅਫ਼ਸਰ ਹਨ ਜੋ ਉਕਤ ਗੋਲੀ ਕਾਂਡ ਦੀ ਪੜਤਾਲ ਨਾਲ ਨੇੜੇ ਤੋਂ ਜੁੜੇ ਰਹੇ ਹਨ ਪ੍ਰੰਤੂ ਉਨ੍ਹਾਂ ਨੇ ਤੱਤਕਾਲੀ ਸਰਕਾਰ ਦੀ ਉਕਤ ਮਾਮਲੇ ਪ੍ਰਤੀ ਪਹੁੰਚ ਤੋਂ ਨਿਰਾਸ਼ ਹੋ ਕੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਵਿਧਾਇਕ ਪ੍ਰਤਾਪ ਨੇ ਆਪਣੀ ਇਸ ਚਿੱਠੀ ਦਾ ਉਤਾਰਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪੰਜਾਬ ਮਾਮਲਿਆਂ ਦੇ ਪਾਰਟੀ ਇੰਚਾਰਜ ਜਰਨੈਲ ਸਿੰਘ ਅਤੇ ਗ੍ਰਹਿ ਸਤੱਕਰ ਪੰਜਾਬ ਨੂੰ ਵੀ ਕੀਤਾ ਹੈ। ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੂਬੇ ਦਾ ਗ੍ਰਹਿ ਮੰਤਰੀ ਬਣਾਇਆ ਜਾਵੇ।

Gee98 Ads
error: Content is protected !!