Skip to main content

Gee 98News

ਸੰਗਰੂਰ ਜ਼ਿਮਨੀ ਚੋਣ : ਟਿਕਟ ਪ੍ਰਾਪਤੀ ਦੀ ਦੌੜ ਸ਼ੁਰੂ.. ਸਿਆਸੀ ਪਾਰਟੀਆਂ ਭਰੀ ਅੰਗੜਾਈ.. ਚਾਹਵਾਨ ਲੱਗੇ ਚਿਹਰਾ ਚਮਕਾਉਣ

-ਕਾਂਗਰਸ, ਅਕਾਲੀ ਦਲ, ਭਾਜਪਾ ਕੋਲ ਗੁਆਉਣ ਲਈ ਕੁਝ ਨਹੀ ਪਰ ਝਾਂਜਰ ਛਣਕਾਉਣ ਦੀ ਬਜਾਏ, ਬੋਚ-ਬੋਚ ਪੱਬ ਰੱਖੇਗੀ ‘ਆਪ’..!

-ਭਗਵੰਤ ਮਾਨ ਲਈ ਪਹਿਲੀ ਸਿਆਸੀ ਪ੍ਰੀਖਿਆ ਹੋਵੇਗੀ ਉਮੀਦਵਾਰ ਦੀ ਚੋਣ

ਬਰਨਾਲਾ, 23 ਮਈ (ਨਿਰਮਲ ਸਿੰਘ ਪੰਡੋਰੀ) :

Gee98 Ads


ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਅੰਦਰ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ । ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਨੇ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਚੋਣ ਲੜਨ ਦੇ ਚਾਹਵਾਨਾਂ ਨੇ ਆਪਣੇ ਸਿਆਸੀ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਬਰਨਾਲਾ ਜ਼ਿਲੇ ਦੇ ਦੌਰੇ ’ਤੇ ਆਏ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੰਕੇਤ ਦਿੱਤਾ ਕਿ ਅਜੇ ਤੱਕ ਕਿਸੇ ਇੱਕ ਉਮੀਦਵਾਰ ਬਾਰੇ ਫ਼ੈਸਲਾ ਨਹੀਂ ਹੋਇਆ ਪਰ ਉਮੀਦਵਾਰ ਦੀ ਭਾਲ ਜਾਰੀ ਹੈ। ਉਝ ਕਾਂਗਰਸ ਦੀ ਟਿਕਟ ਲਈ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮਪਤਨੀ ਬੀਬੀ ਸਿਮਰਤ ਕੌਰ ਦਾ ਨਾਮ ਚਰਚਾ ’ਚ ਹੈ, ਫਿਰ ਵੀ ਕਾਂਗਰਸ ਦੀ ਰਵਾਇਤ ਅਨੁਸਾਰ ਉਮੀਦਵਾਰ ਦਾ ਅੰਤਿਮ ਫੈਸਲਾ ਪਾਰਟੀ ਦੀ ਹਾਈਕਮਾਂਡ ਹੀ ਕਰਦੀ ਆਈ ਹੈ। ਕਾਂਗਰਸ ਦਾ ਅਤੀਤ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਾਂਗਰਸ ਨੇ ਕਦੇ ਵੀ ਕਿਸੇ ਵੀ ਚੋਣ ਲਈ ਆਪਣੇ ਉਮੀਦਵਾਰ ਸੰਬੰਧੀ ਪੱਤੇ ਨਹੀਂ ਖੋਲੇ । ਕਈ ਵਾਰ ਤਾਂ ਕਾਂਗਰਸ ਅਜਿਹੇ ਉਮੀਦਵਾਰ ਨੂੰ ਟਿਕਟ ਦੇ ਦਿੰਦੀ ਹੈ ਜੋ ਚਰਚਾ ਵਿੱਚ ਨਹੀਂ ਹੁੰਦਾ। ਇਸ ਲਈ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਵੱਲੋਂ ਉਦਯੋਗਪਤੀ ਅਰਵਿੰਦ ਖੰਨਾ ਦੇ ਨਾਮ ਦੇ ਚਰਚਾ ਜ਼ੋਰਾਂ ’ਤੇ ਹਨ। ਭਾਜਪਾ ਦੇ ਉਮੀਦਵਾਰ ਦੀ ਚੋਣ ਕੈਪਟਨ ਅਤੇ ਢੀਂਡਸਾ ਨਾਲ ਗੱਠਜੋੜ ਦੀ ਤਰਜ਼ ’ਤੇ ਵੀ ਨਿਰਭਰ ਕਰਦੀ ਹੈ। ਸ਼ੋਮਣੀ ਅਕਾਲੀ ਦਲ ਲਈ ਸੰਗਰੂੁਰ ਦੀ ਜ਼ਿਮਨੀ ਚੋਣ ਲੋਕਾਂ ਵਿੱਚ ਪੈਰ ਟਿਕਾਉਣ ਲਈ ਇੱਕ ਚੰਗਾ ਪਲੇਟਫਾਰਮ ਹੋ ਸਕਦੀ ਹੈ ਕਿਉਂਕਿ ਲੰਘੀਆਂ ਵਿਧਾਨ ਸਭਾ ਚੋਣਾਂ ’ਚ ਦਲ ਦੇ ਪੈਰ ਉਖੜਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ‘‘ਦੁੱਧ ਦਾ ਸੜਿਆ, ਪਾਣੀ ਵੀ ਫੂਕਾਂ ਮਾਰ-ਮਾਰ ਪੀਵੇ’’ ਦੀ ਨੀਤੀ ਉੱਪਰ ਚੱਲ ਰਹੇ ਹਨ। ਅਕਾਲੀ ਦਲ ਲਈ ਉਮੀਦਵਾਰ ਦੀ ਚੋਣ ਕੋਈ ਉਲਝਿਆ ਹੋਇਆ ਮਸਲਾ ਨਹੀਂ ਹੋਵੇਗੀ ਕਿਉਂਕਿ ਅਜੋਕੇ ਦੌਰ ’ਚ ਦਲ ਅੰਦਰ ਸੁਖਬੀਰ ਸਿੰਘ ਬਾਦਲ ਦੀ ਤਾਕਤ ਨੂੰ ਕੋਈ ਚਣੌਤੀ ਨਹੀਂ ਹੈ । ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਜ਼ਿਮਨੀ ਚੋਣ ਲੜਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਖੱਬੇ ਪੱਖੀ ਪਾਰਟੀਆਂ ਵੱਲੋਂ ਜ਼ਿਮਨੀ ਚੋਣ ਵਿੱਚ ਵੀ ਵੱਖਰੀ-ਵੱਖਰੀ ਡਫ਼ਲੀ ਵਜਾਉਣ ਦੇ ਸੰਕੇਤ ਹਨ ।

। ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਲਈ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਪਹਿਲੀ ਸਿਆਸੀ ਪ੍ਰੀਖਿਆ ਹੋਵੇਗੀ ਕਿਉਂਕਿ ਜੇਕਰ ਪਿਛਲੇ ਸਮੇਂ ਦੌਰਾਨ ਹੋਈਆਂ ਕੁਝ ਜ਼ਿਮਨੀ ਚੋਣਾਂ ਦੇ ਨਤੀਜੇ ਉੱਪਰ ਝਾਤ ਮਾਰੀ ਜਾਵੇ ਤਾਂ ਪੰਜਾਬ ਦੇ ਵੋਟਰਾਂ ਦਾ ਸਵਾਦ ਬਦਲਦਾ ਵੀ ਰਿਹਾ ਹੈ, ਭਾਵ ਕਿ ਲੋਕ ਸੱਤਾ ਦੇ ਉਲਟ ਫ਼ੈਸਲੇ ਵੀ ਲੈਦੇ ਰਹੇ ਹਨ। ਸੰਗਰੂਰ ਦੀ ਸੀਟ ‘ਆਪ’ ਲਈ ਇਸ ਕਰਕੇ ਵੀ ਮਹੱਤਤਾ ਰੱਖਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਹੀ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ। ਸੰਗਰੂਰ ਜਿੱਥੇ ਮੁੱਖ ਮੰਤਰੀ ਦਾ ਜੱਦੀ ਜ਼ਿਲਾ ਹੈ ਉੱਥੇ ਵਿੱਤ ਮੰਤਰੀ, ਸਿੱਖਿਆ ਮੰਤਰੀ ਵੀ ਹਲਕੇ ਨਾਲ ਹੀ ਸੰਬੰਧਿਤ ਹਨ। ਸੰਗਰੂਰ ਲੋਕ ਸਭਾ ਹਲਕੇ ਅੰਦਰ ਪੈਂਦੇ ਵਿਧਾਨ ਸਭਾ ਹਲਕਿਆਂ ਤੋਂ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਹੀ ਜਿੱਤੇ ਹੋਏ ਹਨ। ਸੱਤਾ ਦੀ ਪਾਵਰ ਸਮੇਤ ਕੁਝ ਹੋਰ ਸਮੀਕਰਨ ਆਮ ਆਦਮੀ ਪਾਰਟੀ ਦੇ ਹੱਕ ’ਚ ਹੋਣ ਕਾਰਨ ਸੰਗਰੂਰ ਦੀ ਜ਼ਿਮਨੀ ਚੋਣ ਲਈ ‘ਆਪ’ ਦਾ ਹੱਥ ਉੱਪਰ ਜ਼ਰੂਰ ਮੰਨਿਆ ਜਾ ਸਕਦਾ ਹੈ ਪ੍ਰੰਤੂ ਆਪ ਵੱਲੋਂ ਯੋਗ ਉਮੀਦਵਾਰ ਦੀ ਚੋਣ ਉੱਪਰ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਸੰਬੰਧੀ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਨਿੱਕੇ-ਨਿੱਕੇ ਮਸਲਿਆਂ ਲਈ ਦਿੱਲੀ ਹਾਈਕਮਾਂਡ ਵੱਲ ਝਾਕਣ ਵਾਲੇ ਭਗਵੰਤ ਮਾਨ ਸੰਗਰੂੁਰ ਦੇ ਉਮੀਦਵਾਰ ਸੰਬੰਧੀ ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਨਹੀਂ ਹਨ। ‘ਆਪ’ ਵੱਲੋਂ ਸਾਹਮਣੇ ਆ ਰਹੇ ਕੁਝ ਨਾਵਾਂ ਦੀ ਜੇਕਰ ਚਰਚਾ ਕਰੀਏ ਤਾਂ ਗਾਇਕ, ਕਮੇਡੀਅਨ, ਫਿਲਮੀ ਕਲਾਕਾਰ ਕਰਮਜੀਤ ਅਨਮੋਲ ਚਰਚਾ ਵਿੱਚ ਫਿਲਹਾਲ ਸਿਖ਼ਰ ’ਤੇ ਹਨ। ਮੁੱਖ ਮੰਤਰੀ ਦੀ ਭੈਣ ਅਤੇ ਸਿੱਖਿਆ ਮੰਤਰੀ ਦੇ ਨਜ਼ਦੀਕੀ ਗੁਰਦੀਪ ਸਿੰਘ ਬਾਠ ਲਈ ਵੀ ਸਮਰੱਥਕਾਂ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਦੇ ਇੱਕ ਉੱਚ ਅਫ਼ਸਰ ਵੱਲੋਂ ਅਚਾਨਕ ਸ਼ੁਰੂ ਕੀਤੀਆਂ ਸਮਾਜ ਸੇਵੀ ਸਰਗਰਮੀਆਂ ਨੂੰ ਵੀ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਨਾਲ ਜੋੜਿਆ ਜਾ ਰਿਹਾ ਹੈ। ਮੁੱਖ ਮੰਤਰੀ ਨਾਲ ਅਚਾਨਕ ਪੈਦਾ ਹੋਈ ਇਸ ਪੁਲਿਸ ਅਫ਼ਸਰ ਦੀ ਨੇੜਤਾ ਕਾਰਨ ਸਿਆਸੀ ਮਾਹਿਰ ਇਸ ਪੁਲਿਸ ਅਫ਼ਸਰ ਨੂੰ ‘ਆਪ’ ਦੇ ਉਮੀਦਵਾਰਾਂ ਦੀ ਕਤਾਰ ਵਿੱਚ ਸ਼ਾਮਲ ਮੰਨ ਰਹੇ ਹਨ। ਇਹ ਪੁਲਿਸ ਅਫ਼ਸਰ ਟਿਕਟ ਪ੍ਰਾਪਤ ਕਰਨ ਵਿੱਚ ਕਮਾਯਾਬੀ ਹਾਸਲ ਕਰੇਗਾ ਜਾਂ ਨਹੀਂ, ਇਹ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਟਿਕਟ ਦਾ ਅੰਤਿਮ ਫ਼ੈਸਲਾ ਵੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦਾ ਹੀ ਹੋਵੇਗਾ। ਚਰਚਾ ਇਹ ਵੀ ਹੈ ਕਿ ਉਕਤ ਪੁਲਿਸ ਅਫ਼ਸਰ ਕੇਜਰੀਵਾਲ ਦੇ ਪਸੰਦੀਦਾ ਉਮੀਦਵਾਰਾਂ ਦੀ ਸੂਚੀ ਵਿੱਚ ਸਿਖ਼ਰ ’ਤੇ ਨਹੀਂ ਹੈ, ਜਿਸ ਦਾ ਕਾਰਨ ਇਸ ਪੁਲਿਸ ਅਫ਼ਸਰ ਦੀ ਪਿਛਲੀਆਂ ਸਰਕਾਰਾਂ ਦੇ ਮੁਖੀਆਂ ਨਾਲ ਨੇੜਤਾ ਵੀ ਹੋ ਸਕਦੀ ਹੈ। ਬਹਰਹਾਲ! ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਲਈ ਉਮੀਦਵਾਰ ਦੀ ਚੋਣ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਿਰਦਰਦੀ ਬਣੀ ਰਹੇਗੀ ਕਿਉਂਕਿ ਸੂਬੇ ਦੇ ਸਿਆਸੀ ਮਾਹੌਲ ਅਨੁਸਾਰ ‘ਆਪ’ ਵਿਰੋਧੀ ਸਿਆਸੀ ਪਾਰਟੀਆਂ ਕੋਲ ‘ਗੁਆਉਣ’ ਲਈ ਕੁਝ ਨਹੀਂ ਪੰ੍ਰਤੂ ਜੇਕਰ ਸੰਗਰੂਰ ਦਾ ਨਤੀਜਾ ਉਮੀਦਵਾਰ ਦੀ ਚੋਣ ਕਰਕੇ ਉੱਪਰ-ਥੱਲੇ ਹੋ ਗਿਆ ਤਾਂ ਮਾਨ ਸਰਕਾਰ ਨੂੰ ਇਹ ਝਟਕਾ ਆਪਣੇ ਸਾਰੇ ਕਾਰਜਕਾਲ ਦੌਰਾਨ ਮਹਿਸੂਸ ਹੁੰਦਾ ਰਹੇਗਾ। ਵੈਸੇ ਤਾਂ ‘ਨਵਵਿਆਹੁਤਾ’ ਨੂੰ ਝਾਂਜਰ ਛਣਕਾਉਣ ਦਾ ਚਾਅ ਜ਼ਿਆਦਾ ਹੁੰਦਾ ਹੈ ਪਰ ‘ਆਪ’ ਲਈ ਉਮੀਦਵਾਰ ਦੀ ਚੋਣ ਦੇ ਮਾਮਲੇ ’ਚ ਬੋਚ-ਬੋਚ ਪੱਬ ਧਰਨਾ ਹੀ ਠੀਕ ਰਹੇਗਾ। ਸੰਗਰੂਰ ਲੋਕ ਸਭਾ ਹਲਕੇ ਅੰਦਰ ਕਿਸਾਨ ਜਥੇਬੰਦੀਆਂ ਦੀ ਤਕੜੀ ਹੋਂਦ ਵੀ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਦੀ ਚੋਣ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ।

Gee98 Ads
error: Content is protected !!