Gee 98News

ਪਿੰਡ ਖਿਆਲੀ ਦੇ ਲੋਕਾਂ ਨੇ ਮਿਡਲ ਸਕੂਲ ਨੂੰ ਜਿੰਦਰਾ ਲਗਾਉਣ ਦੀ ਦਿੱਤੀ ਚੇਤਾਵਨੀ

-ਇੱਕੋ ਹੀ ਅਧਿਆਪਕ ਸੰਭਾਲ ਰਿਹਾ ਹੈ ਬੱਚਿਆਂ ਨੂੰ

ਬਰਨਾਲਾ 25 ਮਈ ( ਨਿਰਮਲ ਸਿੰਘ ਪੰਡੋਰੀ)

-ਇਕ ਪਾਸੇ ਪੰਜਾਬ ਦਾ ਸਿੱਖਿਆ ਵਿਭਾਗ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਮੁਹਿੰਮ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਿਹਾ ਪਰ ਦੂਜੇ ਪਾਸੇ ਵਿਭਾਗ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਅਤੇ ਅਧਿਆਪਕਾਂ ਦੀ ਘਾਟ ਕਾਰਨ ਕੁਝ ਸਕੂਲ ਬੰਦ ਹੋਣ ਦੀ ਕਾਗਾਰ ‘ਤੇ ਹਨ। ਅਜਿਹੇ ਹੀ ਹਾਲਾਤ ਬਲਾਕ ਮਹਿਲ ਕਲਾਂ ਦੇ ਸਰਕਾਰੀ ਮਿਡਲ ਸਕੂਲ ਖਿਆਲੀ ਦੇ ਬਣੇ ਹੋਏ ਹਨ ਜਿੱਥੇ ਸਿਰਫ ਇਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਸੰਭਾਲ ਰਿਹਾ ਹੈ। ਅਧਿਆਪਕਾਂ ਦੀ ਘਾਟ ਕਾਰਨ ਸਕੂਲ ਦੇ ਵਿੱਦਿਅਕ ਪੱਖ ਤੋਂ ਹਾਲਾਤ ਤਰਸਯੋਗ ਬਣੇ ਹੋਏ ਹਨ ਪ੍ਰੰਤੂ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਜ਼ਿਲ੍ਹਾ ਪੱਧਰ ਦੇ ਸਿੱਖਿਆ ਅਧਿਕਾਰੀ ਧਿਆਨ ਨਹੀਂ ਦੇ ਰਹੇ। ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਜਾਂ ਕਿਸੇ ਗੁਆਂਢੀ ਪਿੰਡ ਦੇ ਸਕੂਲ ਤੋਂ ਕਿਸੇ ਵੀ ਅਧਿਆਪਕ ਨੂੰ ਡੈਪੂਟੇਸ਼ਨ ‘ਤੇ ਭੇਜਣ ਸਬੰਧੀ ਪੰਚਾਇਤ ਅਤੇ ਮੈਨੇਜਮੈਂਟ ਕਮੇਟੀ ਨੇ ਲਿਖਤੀ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦਿੱਤਾ ਪਰੰਤੂ ਲਾਰਿਆਂ ਤੋਂ ਸਿਵਾਏ ਕੁਝ ਪੱਲੇ ਨਹੀਂ ਪਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਬੇਰੁਖ਼ੀ ਤੋਂ ਅੱਕੇ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਨਾ ਕੀਤੀ ਗਈ ਤਾਂ ਮਜਬੂਰੀ ਵੱਸ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਜਾਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਖੇਤਰ ਦੇ ਨਾਲ ਨਾਲ ਸਹਾਇਕ ਗਤੀਵਿਧੀਆਂ ਵਿੱਚ ਵੀ ਚੜ੍ਹਤ ਰਹੀ ਹੈ। ਸਕੂਲ ਦੇ ਵਿਦਿਆਰਥੀ ਅਕਬਰ ਸਿੰਘ ਨੇ ਆਨਲਾਈਨ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੂਬਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਵੀਰ ਅਤੇ ਹਰਮਨਪ੍ਰੀਤ ਕੌਰ ਨੇ ਆਨਲਾਈਨ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੂਬਾ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸੇ ਮੁਕਾਬਲੇ ਵਿੱਚ ਸੂਬਾ ਪੱਧਰ ‘ਤੇ ਪਹਿਲੇ ਦਸ ਵਿਦਿਆਰਥੀਆਂ ਵਿੱਚੋਂ ਸਕੂਲ ਦੇ ਵਿਦਿਆਰਥੀਆਂ ਨੇ ਛੇ ਸਥਾਨ ਮੱਲੇ ਹਨ।ਇਸ ਤੋਂ ਇਲਾਵਾ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਹੋਰ ਸਹਾਇਕ ਗਤੀਵਿਧੀਆਂ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ‘ਤੇ ਕਬਜ਼ਾ ਕੀਤਾ ਹੈ। ਪਿੰਡ ਦੇ ਅਗਾਂਹਵਧੂ ਨੌਜਵਾਨ ਮਨਦੀਪ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ‘ਚ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਅਧਿਆਪਕਾਂ ਦੀ ਘਾਟ ਸਬੰਧੀ ਵਾਰ ਵਾਰ ਮਿਲਣ ‘ਤੇ ਅਧਿਕਾਰੀਆਂ ਨੇ ਨਿਰਾਸ਼ ਕੀਤਾ ਹੈ

Gee98 Ads
ਦੂਜੇ ਪਾਸੇ ਲੋਕਾਂ ਦੀ ਇਸ ਸਮੱਸਿਆ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਖਿਆਲੀ ਮਿਡਲ  ਸਕੂਲ ਦੇ ਅਧਿਆਪਕਾਂ ਦੀ ਘਾਟ ਸਬੰਧੀ ਇਹ ਸਮੱਸਿਆ ਕਿਸੇ ਅਧਿਆਪਕ ਦੀ ਅਡਜਸਮੈਂਟ ਕਰਕੇ ਜਲਦੀ ਹੀ ਹੱਲ ਕੀਤੀ ਜਾਵੇਗੀ।
error: Content is protected !!