Gee 98News

ਮਨੁੱਖ ਦਾ ਰੁੱਖ ਨਾਲ ਅਟੁੱਟ ਰਿਸਤਾ-ਸੇਖਾ

-ਵਾਤਾਵਰਣ ਦਿਵਸ ਮੌਕੇ ਲਾਏ ਬੂਟੇ

ਬਰਨਾਲਾ,05 ਜੂਨ (ਨਿਰਮਲ ਸਿੰਘ ਪੰਡੋਰੀ) :

ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਰੁੱਖ ਨਾਲ ਅਟੁੱਟ ਰਿਸਤਾ ਹੈ ਪਰ ਪਦਾਰਥਵਾਦੀ ਹੋ ਕੇ ਮਨੁੱਖ ਨੇ ਰੁੱਖ ਦੀ ਕਦਰ ਗਵਾ ਦਿੱਤੀ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸਾ ਹੈ । ਇਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਬਰਨਾਲਾ ਦੇ ਕੋਆਰਡੀਨੇਟਰ ਸ. ਜੋਧਾ ਸਿੰਘ ਸੇਖਾ ਨੇ ਕਿਹਾ ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਉਦੋਂ ਤੋਂ ਲੈ ਕੇ ਮੌਤ ਤੱਕ ਰੁੱਖ ਮਨੁੱਖ ਦਾ ਨਿਰ-ਸਵਾਰਥ ਸਾਥ ਨਿਭਾਉਂਦੇ ਹਨ ਪਰ ਮਨੁੱਖ ਨੇ ਆਪਣੇ ਸਵਾਰਥ ਕਾਰਨ ਰੁੱਖਾਂ ਦਾ ਸਰਬ-ਨਾਸ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹਰ ਇਨਸਾਨ ‘ਹਾਏ ਗਰਮੀ-ਹਾਏ ਗਰਮੀ‘ ਦਾ ਰਾਗ ਤਾਂ ਬਹੁਤ ਉੱਚੀ ਸੁਰ ਵਿਚ ਅਲਾਪ ਰਿਹਾ ਹੈ ਪਰ ਇਹ ਗਰਮੀ ਕਿੰਨਾਂ ਕਾਰਨਾਂ ਕਰਕੇ ਪੈਦਾ ਹੋਈ ਹੈ? ਇਸ ਬਾਰੇ ਆਪਣੇ ਆਪ ਨੂੰ ਨਿਰਦੋਸ ਦੱਸ ਕੇ ‘ਬਿੱਲੀ ਮੂਹਰੇ ਅੱਖਾਂ ਮੀਚਣ‘ ਵਾਲਾ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੇ ਜੀਵਨ ਦੀ ਮੁੱਖ ਲੋੜ ਆਕਸੀਜਨ ਭਾਵੇਂ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਪਰ ਅਸੀਂ ਰੁੱਖ ਪੈਦਾ ਕਰਨ ਵੱਲ ਕੋਈ ਧਿਆਨ ਦੇ ਰਹੇ । ਭਾਵੇਂ ਮਾਹਿਰ ਜਿੰਨਾ ਮਰਜੀ ਰੌਲਾ ਪਾ ਰਹੇ ਹਨ ਕਿ ਰੁੱਖਾਂ ਦੀ ਕਮੀ ਕਾਰਨ ਜਿਥੇ ਆਕਸੀਜਨ ਦੀ ਘਾਟ ਹੋ ਰਹੀ ਹੈ, ਉੱਥੇ ਘਟ ਰਿਹਾ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਦੇ ਅੰਤ ਦਾ ਸੰਕੇਤ ਹੈ ਪਰ ਮਨੁੱਖ ਵਾਤਾਵਰਣ ਦੀ ਸੰਭਾਲ ਲਈ ਕੋਈ ਕਦਮ ਨਹੀਂ ਪੁੱਟ ਰਿਹਾ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤਾਂ ਸਾਨੂੰ ਪਛਤਾਉਣ ਲਈ ਸਮਾਂ ਵੀ ਨਹੀਂ ਮਿਲੇਗਾ ਤੇ ਸਾਡੀਆਂ ਆਂਉਣ ਵਾਲੀਆਂ ਪੀੜੀਆਂ ਸਾਡੇ ‘ਤੇ ਮਾਣ ਨਹੀਂ ਕਰਨੀਆਂ, ਸਗੋਂ ਸਾਨੂੰ ਲਾਹਨਤਾਂ ਪਾਉਣਗੀਆਂ । ਇਸ ਲਈ ਹਰ ਮਨੁੱਖ ਨੂੰ ਘੱਟੋ-ਘੱਟ ਪੰਜ ਰੁੱਖ ਲਗਾ ਕੇ ਉਨ੍ਹਾਂ ਦੀ ਮੁੱਢਲੇ ਸਮੇਂ ‘ਚ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਜੀਵਨ ‘ਚ ਰੁੱਖਾਂ ਦੇ ਨਿਭਾਏ ਰੋਲ ਦਾ ਕੁਝ ਨਾ ਕੁਝ ਕਰਜ ਚੁਕਾ ਸਕੇ ਤੇ ਆਉਣ ਵਾਲੀਆਂ ਪੀੜੀਆਂ ਲਈ ਕੁਝ ਚੰਗਾ ਕਰਕੇ ਜਾ ਸਕੇ । ਇਸ ਮੌਕੇ ਉਨਾਂ ਨਾਲ ਨਿੱਕਾ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ, ਮੱਖਣ ਸਿੰਘ ਤੇ ਗੁਰਪਾਲ ਸਿੰਘ ਗੱਗੀ ਆਦਿ ਹਾਜਰ ਸਨ।

Gee98 Ads
error: Content is protected !!