Gee 98News

ਤਿੰਨ ਮਹੀਨੇ ਦਾ ਬੱਚਾ ਤਾਂ ਦੰਦੀਆਂ ਨਹੀਂ ਕੱਢਦਾ, ਮੈਂ ਤਾਂ ਦੰਦੀਆਂ ਵੱਢਣ ਲੱਗ ਪਿਆ : ਭਗਵੰਤ ਮਾਨ

-ਕੇਜਰੀਵਾਲ ਨੇ ਪਾਰਟੀ ਉਮੀਦਵਾਰ ਦੇ ਹੱਕ ’ਚ ਕੀਤਾ ਰੋਡ ਸ਼ੋਅ

ਬਰਨਾਲਾ ,21 ਜੂਨ (ਨਿਰਮਲ ਸਿੰਘ ਪੰਡੋਰੀ) :-

ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਮੇਲ ਸਿੰਘ ਲਈ ਰੋਡ ਸ਼ੋਅ ਕਰਕੇ ਵੋਟਾਂ ਮੰਗੀਆਂ । ਸਥਾਨਕ ਨਹਿਰੂ ਚੌਂਕ ’ਚ ਸੰਬੋਧਨ ਕਰਦੇ ਹੋਏ ਸ੍ਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨਾਂ ਕਿਹਾ ਕਿ 1 ਜੁਲਾਈ 2022 ਤੋਂ ਪਾਰਟੀ ਦੀ ਪਹਿਲੀ ਗਰੰਟੀ ਅਨੁਸਾਰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਸੰਬੰਧੀ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਾਨੂੰਨ ਆਪਣੇ ਹੱਥ ’ਚ ਲੈਣ ਵਾਲੇ ਮਾੜੇ ਅਨਸਰ ਸੂਬੇ ਦੀਆਂ ਰਵਾਇਤੀ ਪਾਰਟੀਆਂ ਦੀ ਪੈਦਾਇਸ਼ ਹਨ ਕਿਉਂਕਿ ਆਪਣੇ ਸਿਆਸੀ ਹਿੱਤਾਂ ਕਾਰਨ ਕਾਂਗਰਸੀ ਅਤੇ ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਵਰਤਿਆ। ਉਨਾਂ ਕਿਹਾ ਕਿ ਸੂਬੇ ’ਚ ਗੈਂਗਸਟਰ ਕਲਚਰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਧਰਨੇ ਲਗਾਉਣ ਵਾਲੇ ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ ਹੋਰ ਵਰਗ ਕੁਝ ਸਮੇਂ ਦੀ ਉਡੀਕ ਕਰਨ, ਇਨਾਂ ਸਾਰੇ ਵਰਗਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਆਪਣੇ ਰਿਵਾਇਤੀ ਅੰਦਾਜ਼ ’ਚ ਕਿਹਾ ਕਿ ‘‘ਤਿੰਨ ਮਹੀਨੇ ਦਾ ਬੱਚਾ ਤਾਂ ਦੰਦੀਆਂ ਨਹੀਂ ਕੱਢਦਾ, ਮੈਂ ਤਾਂ ਦੰਦੀਆਂ ਵੱਢਣ ਲੱਗ ਪਿਆ’’। ਉਨਾਂ ਕਿਹਾ ਕਿ ਪੰਜਾਬ ’ਚੋ ਹਰ ਤਰਾਂ ਦਾ ਮਾਫੀਆ ਖ਼ਤਮ ਕਰਨ ਲਈ ਕੁਝ ਸਮਾਂ ਤਾਂ ਲੱਗੇਗਾ ਹੀ ਕਿਉਂਕਿ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਸਮੇਂ ਸਿਆਸੀ ਸਰਪ੍ਰਸਤੀ ਕਾਰਨ ਮਾਫੀਆ ਦੀਆਂ ਜੜਾਂ ਬਹੁਤ ਡੰੂਘੀਆਂ ਹਨ। ਸ੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਪੰਚ ਗੁਰਮੇਲ ਸਿੰਘ ਨੂੰ ਸੰਸਦ ਭੇਜਿਆ ਜਾਵੇ, ਜਿਸ ਤੋਂ ਬਾਅਦ ਸੰਗਰੂਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਵੱਡੀ ਗਿਣਤੀ ’ਚ ਵਿਧਾਇਕ ਅਤੇ ਸੂਬੇ ਭਰ ’ਚੋਂ ਪਾਰਟੀ ਦੇ ਆਗੂ ਅਤੇ ਵਲੰਟੀਅਰ ਪੁੱਜੇ ਹੋਏ ਸਨ।

Gee98 Ads
error: Content is protected !!