Gee 98News

ਪਿੰਡ ਠੀਕਰੀਵਾਲਾ ਦੇ ਰੂਰਲ ਹਸਪਤਾਲ ਨੂੰ ਸਰਕਾਰੀ ਧਿਰ ਨੇ ਹੀ ਲਗਾਇਆ ਜਿੰਦਰਾ

-ਤਿੰਨ ਘੰਟੇ ਸਟਾਫ਼ ਖੜਾ ਰਿਹਾ ਗੇਟ ’ਤੇ .. ਪੱਕੇ ਭਰੋਸੇ ਤੋਂ ਬਾਅਦ ਖੁੱਲਿਆ ਜਿੰਦਰਾ

ਬਰਨਾਲਾ,18 ਜੁਲਾਈ (ਨਿਰਮਲ ਸਿੰਘ ਪੰਡੋਰੀ/ਮੰਗਲ ਸਿੰਘ) :-

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੇ ਤੇ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪਿੰਡ ਪੱਧਰੀ ਆਗੂਆਂ ਨੇ ਹੀ ਸਿਆਸੀ ਜ਼ੁਰਅਤ ਦਾ ਦਿਖਾਵਾ ਕਰਦੇ ਹੋਏ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਸਾਬਤ ਹੋ ਰਹੇ ਸਰਕਾਰੀ ਰੂੁਰਲ ਹਸਪਤਾਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਦਿੱਤਾ । ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ‘ਆਪ’ ਦੀ ਪਿੰਡ ਇਕਾਈ ਦੇ ਪ੍ਰਧਾਨ ਜਗਰੂਪ ਸਿੰਘ ਕਾਕਾ, ਸਲਾਹਕਾਰ ਡਾ. ਦਰਸ਼ਨ ਸਿੰਘ, ਭੋਲਾ ਸਿੰਘ ਸਰਾਂ ਨੇ ਦੱਸਿਆ ਕਿ ਪਿੰਡ ਵੱਲੋਂ ਹਸਪਤਾਲ ਲਈ ਪੰਜ ਏਕੜ ਜ਼ਮੀਨ ਦਿੱਤੀ ਹੋਈ ਹੈ, ਜਿੱਥੇ ਵਧੀਆ ਇਮਾਰਤ ਬਣੀ ਹੋਈ ਹੈ ਅਤੇ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਅਸਾਮੀਆਂ ਵੀ ਭਰੀਆਂ ਹੋਈਆਂ ਹਨ ਪ੍ਰੰਤੂ ਮਰੀਜ਼ਾਂ ਦੇ ਇਲਾਜ ਪ੍ਰਤੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਅਤੇ ਲੋੜੀਦੀਆਂ ਦਵਾਈਆਂ ਦੇਣ ਦੀ ਵੀ ਤਕਲੀਫ ਮੰਨੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਕਹਿਣ ਨੂੰ ਤਾਂ 25 ਬਿਸਤਰਿਆਂ ਦਾ ਹੈ ਪਰ ਸਹੂਲਤ ਇੱਥੇ ਇੱਕ ਮਰੀਜ਼ ਨੂੰ ਵੀ ਨਹੀਂ ਦਿੱਤੀ ਜਾ ਰਹੀ। ਪ੍ਰਧਾਨ ਜਗਰੂਪ ਸਿੰਘ ਕਾਕਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਆਮ ਜਿਹੀ ਸਿਹਤ ਸਹੂਲਤ ਲੈਣ ਲਈ ਕਈ ਦਿਨਾਂ ਤੋਂ ਹਸਪਤਾਲ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਗੱਲ ਹੀ ਨਹੀਂ ਸੁਣ ਰਿਹਾ ਸੀ ਜਿਸ ਕਰਕੇ ਅੱਕ ਕੇ ਪ੍ਰਸ਼ਾਸਨ ਦੇ ਧਿਆਨ ’ਚ ਹਸਪਤਾਲ ਦੇ ਸਟਾਫ਼ ਦੇ ਕੰਮ ਕਾਰ ਦੀ ਅਸਲ ਸਥਿਤੀ ਲਿਆਉਣ ਲਈ ਜਿੰਦਾ ਲਗਾਇਆ ਗਿਆ ਹੈ।

Gee98 Ads

ਦੱਸਣਯੋਗ ਹੈ ਕਿ ਸੋਮਵਾਰ ਡਾਕਟਰ ਅਤੇ ਹੋਰ ਸਟਾਫ਼ ਦੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਪਿੰਡ ਇਕਾਈ ਦੇ ਆਗੂ ਹਸਪਤਾਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਬੈਠ ਗਏ , ਜਦ ਡਾਕਟਰ ਆਏ ਤਾਂ ਵੱਡਾ ਜਿੰਦਰਾ ਲੱਗਿਆ ਦੇਖ ਕੇ ਉਨ੍ਹਾਂ ਦੇ ਚਿਹਰੇ ’ਤੇ ਹਾਵ-ਭਾਵ ਬਦਲਣ ਲੱਗੇ। ਡਾਕਟਰਾਂ ਨੇ ਪ੍ਰਧਾਨ ਜਗਰੂੁਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਜਿੰਦਰਾ ਖੋਲਣ ਲਈ ਕਿਹਾ ਪ੍ਰੰਤੂ ਲੱਗਭੱਗ ਤਿੰਨ ਘੰਟੇ ਜਿੰਦਰਾ ਨਹੀਂ ਖੋਲਿਆ ਗਿਆ ਅਤੇ ਸਟਾਫ਼ ਗੇਟ ’ਤੇ ਹੀ ਖੜਾ ਰਿਹਾ, ਜਿੰਦਰਾ ਲਗਾਉਣ ਵਾਲੇ ਵੀ ਗੇਟ ’ਤੇ ਹੀ ਧਰਨਾ ਲਗਾ ਕੇ ਬੈਠੇ ਰਹੇ । ਆਖ਼ਿਰ! ਡਾਕਟਰਾਂ ਨੇ ‘ਆਪ’ ਦੀ ਪਿੰਡ ਇਕਾਈ ਦੇ ਆਗੂੁਆਂ ਨੂੰ ਭਰੋਸਾ ਦਿੱਤਾ ਕਿ ਅੱਗੇ ਤੋਂ ਹਸਪਤਾਲ ਆਏ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਹਸਪਤਾਲ ਦੇ ਮੁੱਖ ਗੇਟ ਦਾ ਜਿੰਦਰਾ ਖੋਲਿਆ ਗਿਆ। ਇਲਾਕੇ ਵਿੱਚ ਇਸ ਘਟਨਾ ਦੀ ਖ਼ੂਬ ਚਰਚਾ ਹੋ ਰਹੀ ਹੈ ਕਿਉਂਕਿ ਆਮ ਤੌਰ ’ਤੇ ਅਜਿਹੇ ਕਦਮ ਸੱਤਾ ਵਿਰੋਧੀ ਪਾਰਟੀਆਂ ਦੇ ਵੱਲੋਂ ਹੀ ਚੁੱਕੇ ਜਾਂਦੇ ਹਨ ਪ੍ਰੰਤੂ ਇੱਥੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਹੀ ਸਿਆਸੀ ਜ਼ੁਰਅਤ ਦਾ ਦਿਖਾਵਾ ਕੀਤਾ, ਸ਼ਾਇਦ ! ਅਜਿਹੇ ਤਰੀਕੇ ਨੂੰ ਹੀ ‘ਟੇਢੀ ਉੰਂਗਲ ਨਾਲ ਘਿਉ ਕੱਢਣਾ’ ਆਖਦੇ ਹਨ।ਇਸ ਮੌਕੇ ਪਿੰਡ ਇਕਾਈ ਦੇ ਜਨਰਲ ਸਕੱਤਰ ਮਾਸਟਰ ਚਰਨਜੀਤ ਸਿੰਘ, ਭੁਪਿੰਦਰ ਸਿੰਘ ਕਾਲਾ, ਅਮਰਜੀਤ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।

error: Content is protected !!