Gee 98News

ਪਲਾਸਟਿਕ ਦੀ ਵਰਤੋਂ ਸੰਬੰਧੀ 5 ਅਗਸਤ ਤੋਂ ਸ਼ੁਰੂ ਹੋਵੇਗੀ ਜਾਗਰੂਕਤਾ ਮੁਹਿੰਮ

ਚੰਡੀਗੜ , 01 ਅਗਸਤ :

ਪਲਾਸਟਿਕ ਦੀ ਵਰਤੋਂ ਖਿਲਾਫ਼ ਸੂਬਾ ਸਰਕਾਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਨੇ ਦੱਸਿਆ ਕਿ 5 ਅਗਸਤ ਨੂੰ ਧੂਰੀ ਵਿਖੇ ਰਾਜ ਪੱਧਰੀ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਰੋਕਣ ਦੀ ਅਪੀਲ ਨਾਲ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨਾਂ ਦੱਸਿਆ ਕਿ 5 ਅਗਸਤ ਨੂੰ ਹੀ ਸੂਬੇ ਦੇ ਬਾਕੀ ਸਾਰੇ ਜ਼ਿਲਿਆਂ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਹੋਣਗੇ। ਜਿਨ੍ਹਾਂ ਵਿੱਚ ਕੈਬਨਿਟ ਮੰਤਰੀ, ਸੰਸਦ ਮੈਬਰ, ਵਿਧਾਇਕ, ਡਿਪਟੀ ਕਮਿਸ਼ਨਰ ਲੋਕਾਂ ਨੂੰ ਪਲਾਸਟਿਕ ਉੱਤੇ ਪਾਬੰਦੀ ਅਤੇ ਇਸ ਦੇ ਮਾੜੇ ਅਸਰ ਤੋਂ ਜਾਣੂ ਕਰਵਾਉਣਗੇ। ਵਾਤਾਵਰਣ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 1 ਜੁਲਾਈ 2022 ਤੋਂ ਪਲਾਸਟਿਕ ਦੀ ਵਰਤੋਂ ਉੱਤੇ ਪਾਬੰਦੀ ਲਗਾਈ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਸੂਬੇ ’ਚ ਇਹ ਪਾਬੰਦੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਨਾਲ-ਨਾਲ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਦੇ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੀ ਖ਼ਰੀਦ /ਵੇਚ ਅਤੇ ਵਰਤੋਂ ਬਾਰੇ ਸਮਝਾਉਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਸ੍ਰੀ ਮੀਤ ਹੇਹਰ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਲਿਫਾਫਿਆਂ ਅਤੇ ਇੱਕ ਵਾਰ ਵਰਤੋਂ ਵਾਲੀ ਪਲਾਸਟਿਕ ਦੀ ਪਾਬੰਦੀ ’ਚ ਯੋਗਦਾਨ ਪਾ ਕੇ ਸੀਵਰੇਜ ਬੰਦ ਹੋਣ ਅਤੇ ਹੋਰ ਅਨੇਕਾਂ ਸਮੱਸਿਆਵਾਂ ਦੀ ਜੜ ਨੂੰ ਖ਼ਤਮ ਕੀਤਾ ਜਾਵੇ।

error: Content is protected !!