ਬਰਨਾਲਾ ,06 ਸਤੰਬਰ (ਨਿਰਮਲ ਸਿੰਘ ਪੰਡੋਰੀ) :
ਅਕਸਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਮਾਂ ਆਪਣੀ ਔਲਾਦ ਨੂੰ ਬਚਾਉਣ ਲਈ ਖ਼ੁਦ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਵਿੱਚ ਪਾ ਦਿੰਦੀ ਹੈ ਪ੍ਰੰਤੂ ਆਪਣੇ ਬੱਚਿਆਂ ਨੂੰ ਮੌਤ ਦੇ ਮੂੰਹ ’ਚੋ ਵੀ ਖੋਹ ਲੈਂਦੀ ਹੈ। ਅਜਿਹੀ ਇੱਕ ਘਟਨਾ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਪਿੰਡ ਰੋਹਨੀਆ ਦੀ ਹੈ , ਜਿੱਥੇ ਇੱਕ ਔਰਤ ਅਰਚਨਾ ਚੌਧਰੀ ਆਪਣੇ 15 ਕੁ ਮਹੀਨਿਆਂ ਦੇ ਬੱਚੇ ਨਾਲ ਬਾਹਰ ਗਈ ਤਾਂ ਬਾਘ ਨੇ ਉਸ ਦੇ ਬੱਚੇ ਨੂੰ ਜਬਾੜੇ ਵਿੱਚ ਫੜ ਲਿਆ। ਔਰਤ ਨੇ ਆਪਣੇ ਬੱਚੇ ਦੀ ਜ਼ਿੰਦਗੀ ਖ਼ਤਰੇ ਵਿੱਚ ਦੇਖਦੇ ਹੋਏ ਬਾਘ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਆਪਣੇ ਬੱਚੇ ਨੂੰ ਬਾਘ ਦੇ ਜਬਾੜੇ ’ਚੋ ਛੁਡਵਾ ਲਿਆ । ਇਸ ਦੌਰਾਨ ਬਾਘ ਨੇ ਔਰਤ ਨੂੰ ਵੀ ਜਖ਼ਮੀ ਕਰ ਦਿੱਤਾ। ਦੋਵੇ ਮਾਂ-ਪੁੱਤ ਹਸਪਤਾਲ ਵਿੱਚ ਇਲਾਜ ਅਧੀਨ ਹਨ।








