Gee 98News

ਪੰਜਾਬ ਦੇ ਅਧਿਆਪਕਾਂ ਵੱਲੋਂ ਸ਼ਿਮਲਾ ਵਿਖੇ ਧਰਨਾ ਦੇਣ ਦਾ ਐਲਾਨ

-ਹਿਮਾਚਲ ਚੋਣਾਂ ’ਚ ‘ਆਪ’ ਦੀ ਪੋਲ-ਖੋਲਣਗੇ ਅਧਿਆਪਕ

ਚੰਡੀਗੜ 27 ਅਕਤੂਬਰ ( ਨਿਰਮਲ ਸਿੰਘ ਪੰਡੋਰੀ ) :

ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਕ ’ਚ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਅਧਿਆਪਕਾਂ ਨੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅਧਿਆਪਕ ਜਥੇਬੰਦੀ ਡੀਟੀਐੱਫ , ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ, ਓਡੀਐੱਲ ਅਧਿਆਪਕ ਯੂਨੀਅਨ ਨੇ ਐਲਾਨ ਕੀਤਾ ਹੈ ਕਿ 30 ਅਕਤੂਬਰ ਨੂੰ ਸ਼ਿਮਲਾ ਵਿਖੇ ਪੰਜਾਬ ਦੀ ‘ਆਪ’ ਸਰਕਾਰ ਦੇ ਖਿਲਾਫ਼ ਪੋਲ-ਖੋਲ ਧਰਨਾ ਦਿੱਤਾ ਜਾਵੇਗਾ। ਅਧਿਆਪਕ ਆਗੂ ਵਿਕਰਮ ਦੇਵ ਸਿੰਘ ਪ੍ਰਧਾਨ ਡੀਟੀਐੱਫ, ਕਮਲ ਠਾਕੁਰ ਪ੍ਰਧਾਨ ਈਟੀਟੀ ਯੁੂਨੀਅਨ, ਬਲਜਿੰਦਰ ਗਰੇਵਾਲ ਪ੍ਰਧਾਨ ਓਡੀਐੱਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਨੂੰ ਪ੍ਰਮੁੱਖਤਾ ਦੇਣ ਦੇ ਦਾਅਵੇ ਦਾ ਕੱਚ-ਸੱਚ ਉਜਾਗਰ ਕਰਨ ਅਤੇ ਹੋਰ ਸੂਬਿਆਂ ਵਿੱਚ ਪੰਜਾਬ ਦੇ ਸਰਕਾਰੀ ਖ਼ਾਜ਼ਾਨੇ ਦੇ ਸਹਾਰੇ ਫੋਕੀ ਇਸ਼ਤਿਹਾਰਬਾਜ਼ੀ ਕਰ ਰਹੀ ਪੰਜਾਬ ਸਰਕਾਰ ਦੇ ਸੂਬੇ ਦੇ ਲੋਕਾਂ ਨਾਲ ਖ਼ਾਸ ਕਰਕੇ ਅਧਿਆਪਕ ਵਰਗ ਨਾਲ ਕੀਤੇ ਝੂਠੇ ਦਾਆਵਿਆਂ ਦੀ ਪੋਲ-ਖੋਲਣ ਲਈ ਇਹ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਿਮਾਚਲ ਚੋਣਾਂ ਲਈ ਚੋਣ ਇੰਚਾਰਜ ਹਰਜੋਤ ਸਿੰਘ ਬਂੈਸ ਵੱਲੋਂ ਅਧਿਆਪਕ ਵਰਗ ਦੀਆਂ ਮੰਗਾਂ ਪ੍ਰਤੀ ਨਾਂਹ ਪੱਖੀ ਵਤੀਰੇ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਉਣ ਲਈ 30 ਅਕਤੂਬਰ ਨੂੰ ਪੰਜਾਬ ਦੀਆਂ ਤਿੰਨ ਵੱਡੀਆਂ ਅਧਿਆਪਕ ਜਥੇਬੰਦੀਆਂ ਸ਼ਿਮਲਾ ਵਿਖੇ ਗਰਜਣਗੀਆਂ ਅਤੇ ਹਿਮਾਚਲ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੀ ਸੱਚਾਈ ਦੱਸਣਗੀਆਂ।

Gee98 Ads
error: Content is protected !!