Gee 98News

ਸਰਕਾਰ ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ: ਮੀਤ ਹੇਅਰ

ਸੰਧੂ ਪੱਤੀ ਸਕੂਲ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਵਿਗਿਆਨ ਮੇਲੇ ਦਾ ਉਦਘਾਟਨ

ਬਰਨਾਲਾ, 2 ਨਵੰਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਅੰਦਰ ਵਿਗਿਆਨਿਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੈ ਤਾਂ ਜੋ ਸੂਬੇ ਦੇ ਵਿਦਿਆਰਥੀ ਇਸ ਖ਼ੇਤਰ ਵਿੱਚ ਆਪਣਾ ਕਰੀਅਰ ਬਣਾ ਕੇ ਭਵਿੱਖ ਰੁਸ਼ਨਾ ਸਕਣ। ਇਹ ਪ੍ਰਗਟਾਵਾ ਸਾਇੰਸ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਰਾਜ ਪੱਧਰੀ ਵਿਗਿਆਨ ਮੇਲੇ ਦੇ ਉਦਘਾਟਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਦੌਰੇ ਕਰਵਾਉਣ ਲਈ ਵਿਗਿਆਨ ਯਾਤਰਾ ਸ਼ੁਰੂ ਕੀਤੀ ਗਈ ਅਤੇ ਹੁਣ ਵਿਗਿਆਨ ਮੇਲੇ ਦੀ ਪਹਿਲਕਦਮੀ ਕਰਦੇ ਹੋਏ ਵਿਦਿਆਰਥੀਆਂ ਨੂੰ ਵਿਗਿਆਨ ਦੀ ਦੁਨੀਆਂ ਆਸਾਨ ਤਰੀਕੇ ਨਾਲ ਸਮਝਣ ਲਈ ਸਮਝਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਵਿਗਿਆਨਕ ਤਰਕ ਅਨੁਸਾਰ ਸੋਚ ਅਤੇ ਸਮਝ ਸਕਣ। ਉਨ੍ਹਾਂ ਦੱਸਿਆ ਕਿ ਇਹ ਮੇਲਾ 2 ਤੋਂ 4 ਨਵੰਬਰ ਤਕ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਗਿਆਨ ਮੇਲੇ ਦਾ ਲਾਹਾ ਜਿੱਥੇ ਜ਼ਿਲ੍ਹਾ ਬਰਨਾਲਾ ਦੇ 115 ਸਕੂਲ ਲੈਣਗੇ ਉਥੇ ਬਾਕੀ ਜ਼ਿਲਿਆਂ ਦੇ ਸਕੂਲ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ। ਇਸ ਮੌਕੇ ਡਾਇਰੈਕਟਰ ਵਿਗਿਆਨ ਪ੍ਰਸਾਰ ਡਾ. ਨਕੁਲ ਪਰਾਸ਼ਰ ਨੇ ਕੇਂਦਰ ਸਰਕਾਰ ਵੱਲੋਂ ਵਿਗਿਆਨ ਦੇ ਖੇਤਰ ਵਿੱਚ ਉਲੀਕੀਆਂ ਗਈਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਜਿਹੇ ਸਾਂਝੇ ਉੱਦਮਾਂ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਹਾ ਮਿਲੇਗਾ। ਇਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਜਤਿੰਦਰ ਕੌਰ ਅਰੋੜਾ ਨੇ ਆਖਿਆ ਕਿ ਆਉਂਦੇ ਸਮੇਂ ਵਿੱਚ ਵੀ ਅਜਿਹੇ ਵਿਗਿਆਨ ਮੇਲੇ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਆਲਮ ਦੀ ਵਿਗਿਆਨਕ ਜਾਣਕਾਰੀ ਸੌਖੇ ਤਰੀਕੇ ਨਾਲ ਮੁਹੱਈਆ ਕਰਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਗਿਆਨ ਮੇਲੇ ਦੌਰਾਨ ਵਿਸ਼ੇਸ਼ ਵਾਹਨ ਜਿਵੇਂ ‘ਲੈਬ ਆਨ ਵੀਲਜ‘ ਅਤੇ ‘ਸਰਕਸ ਆਫ ਸਾਇੰਸ‘ ਵਿਦਿਆਰਥੀਆਂ ਨੂੰ ਦਿਖਾਏ ਜਾ ਰਹੇ ਹਨ। ਇਸ ਮੌਕੇ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਡਾ. ਕੇ ਐੱਸ ਬਾਠ, ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ, ਐੱਸਡੀਐੱਮ ਗੋਪਾਲ ਸਿੰਘ, ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਬਾਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ, ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Gee98 Ads
error: Content is protected !!