ਬਰਨਾਲਾ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) :
ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇੱਕ ਰੋਜ਼ਾ ਧਾਰਮਿਕ ਅਤੇ ਇਤਿਹਾਸਕ ਟੂਰ ਦੌਰਾਨ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਸੰਬੰਧੀ ਦੱਸਦੇ ਹੋਏ ਪ੍ਰਿੰਸੀਪਲ ਸ੍ਰੀ ਰਾਜਮਹਿੰਦਰ ਨੇ ਕਿਹਾ ਕਿ ਸਕੂਲ ਤੋਂ ਰਵਾਨਾ ਹੋ ਕੇ ਬੱਚਿਆਂ ਨੇ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਾਹਿਬਜਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਉਪਰੰਤ ਬੱਚਿਆਂ ਦਾ ਟੂਰ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਮੰਦਰ ਪੁੱਜਿਆ ਜਿੱਥੇ ਬੱਚਿਆਂ ਨੇ ਮਾਤਾ ਸ੍ਰੀ ਨੈਣਾ ਦੇਵੀ ਜੀ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਉਨਾਂ ਦੱਸਿਆ ਕਿ ਟੂਰ ਦੌਰਾਨ ਬੱਚਿਆਂ ਨੇ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ। ਜਿੱਥੇ ਬੱਚਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਦੀ ਸਾਜਨਾ ਸੰਬੰਧੀ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਫਤਿਹਗੜ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕੀਤੇ ਅਤੇ ਇੱਥੇ ਇਤਿਹਾਸਕ ਠੰਡਾ ਬੁਰਜ ਸੰਬੰਧੀ ਵੀ ਵਿਦਿਆਰਥੀਆਂ ਨੇ ਜਾਣਿਆ। ਉਨਾਂ ਦੱਸਿਆ ਕਿ ਸਕੂਲ ਦੀਆਂ ਅਧਿਆਪਕਾਵਾਂ ਰਵਨੀਤ ਕੌਰ, ਰੂਬੀ ਗੋਇਲ, ਰੀਨਾ ਰਾਣੀ,ਸੁਸ਼ਮਾ ਰਾਣੀ, ਸਾਂਰਦਾ ਗੋਇਲ, ਪੁਰਨਿਮਾ ਸ਼ਰਮਾ ਨੇ ਬੱਚਿਆਂ ਨੂੰ ਇਨਾਂ ਸਾਰੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਮਹਾਨਤਾ ਬਾਰੇ ਬੇਸ਼ਕੀਮਤੀ ਜਾਣਕਾਰੀ ਦਿੱਤੀ। ਸ੍ਰੀ ਰਾਜਮਹਿੰਦਰ ਨੇ ਕਿਹਾ ਕਿ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅਕਸਰ ਇਸ ਤਰਾਂ ਦੇ ਟੂਰ ਪ੍ਰੋਗਰਾਮ ਅਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਬੱਚੇ ਕਿਤਾਬਾਂ ਵਿੱਚ ਜੋ ਪੜਦੇ ਹਨ ਉਸ ਬਾਰੇ ਅੱਖੀਂ ਵੇਖ ਕੇ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਸੰਬੰਧੀ ਸਕੂਲ ਮਨੇਜਮੈਂਟ ਕਮੇਟੀ ਦਾ ਯੋਗਦਾਨ ਹਮੇਸ਼ਾ ਸ਼ਲਾਘਾਯੋਗ ਰਿਹਾ ਹੈ।
