Gee 98News

ਸਾਬਕਾ ਕੌਂਸਲਰਾਂ ’ਤੇ ਮੁਕੱਦਮੇ ਖਿਲਾਫ਼ ਬਾਜ਼ਾਰ ਬੰਦ ਕਰਕੇ ਦਿੱਤਾ ਧਰਨਾ

ਬਰਨਾਲਾ, 04 ਨਵੰਬਰ (ਨਿਰਮਲ ਸਿੰਘ ਪੰਡੋਰੀ) :

ਨਗਰ ਕੌਂਸਲ ਬਰਨਾਲਾ ਦੇ ਈਓ ਵੱਲੋਂ 2 ਸਾਬਕਾ ਕੌਂਸਲਰਾਂ ਖਿਲਾਫ਼ ਕਰਵਾਈ ਪੁਲਿਸ ਕਾਰਵਾਈ ਰੱਦ ਕਰਵਾਉਣ ਲਈ ਬਰਨਾਲਾ ਦੀਆਂ ਸੱਤਾਧਾਰੀ ਵਿਰੋਧੀ ਧਿਰਾਂ ਨੇ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਜਿਸ ਤਹਿਤ ਸ਼ਹਿਰ ਦੀਆਂ ਬਹੁਗਿਣਤੀ ਦੁਕਾਨਾਂ ਦੁਪਹਿਰ ਤੱਕ ਬੰਦ ਰਹੀਆਂ । ਸਮੁੱਚੇ ਸ਼ਹਿਰ ਦਾ ਚੱਕਰ ਲਗਾ ਕੇ ਈਓ ਖਿਲਾਫ਼ ਮੁਹਿੰਮ ਦੀ ਅਗਵਾਈ ਕਰਨ ਵਾਲੇ ਕੌਂਸਲ ਦੇ ਮੌਜੂਦਾ ਪ੍ਰਧਾਨ ਗੁਰਜੀਤ ਸਿੰਘ, ਸਾਬਕਾ ਪ੍ਰਧਾਨ ਮੱਖਣ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸਥਾਨਕ ਨਹਿਰੂ ਚੌਂਕ ਵਿੱਚ ਧਰਨਾ ਵੀ ਦਿੱਤਾ। ਇਸ ਮੌਕੇ ਮੱਖਣ ਸ਼ਰਮਾ ਨੇ ਕਿਹਾ ਕਿ ਸਾਬਕਾ ਕੌਂਸਲਰਾਂ ਖਿਲਾਫ਼ ਕੀਤੀ ਗਈ ਕਾਰਵਾਈ ਵਾਪਸ ਲੈਣੀ ਪਵੇਗੀ ਕਿਉਂਕਿ ਸ਼ਹਿਰੀਆਂ ਵਿੱਚ ਇਸ ਕਾਰਵਾਈ ਖਿਲਾਫ਼ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪੁਲਿਸ ਨੇ ਰੋਸ ਪ੍ਰਦਰਸ਼ਨ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ। ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਾਪਸ ਲੈਣੀ ਪਵੇਗੀ ਕਿਉਂਕਿ ਸੱਤਾਧਾਰੀ ਧਿਰ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨਾਂ ਸੰਕੇਤ ਦਿੱਤਾ ਕਿ ਇਸ ਸੰਬੰਧੀ ਗੱਲਬਾਤ ਵੀ ਚੱਲ ਰਹੀ ਹੈ। ਦੁਪਹਿਰ ਤੱਕ ਧਰਨਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਸਰਕਾਰ ਨੂੰ ਅਲਟੀਮੇਟਮ ਦੇ ਕੇ ਧਰਨਾ ਖ਼ਤਮ ਕੀਤਾ ਕਿ ਈਓ ਖਿਲਾਫ਼ ਜਾਤੀ ਸੂਚਕ ਸ਼ਬਦਾਂ ਦੇ ਮਾਮਲੇ ’ਚ ਕਾਰਵਾਈ ਕੀਤੀ ਜਾਵੇ ਅਤੇ ਦੋਵੇਂ ਸਾਬਕਾ ਕੌਂਸਲਰਾਂ ’ਤੇ ਕੀਤਾ ਮੁਕੱਦਮਾ ਰੱਦ ਕੀਤਾ ਜਾਵੇ। ਭਾਵੇਂ ਕਿ ਪ੍ਰਦਰਸ਼ਨ ਕਰ ਰਹੀ ਧਿਰ ਨੂੰ ਇਹ ਆਸ ਹੈ ਕਿ ਦੋਵੇਂ ਕੌਂਸਲਰਾਂ ੳੱਪਰ ਕੀਤੀ ਕਾਰਵਾਈ ਰੱਦ ਹੋ ਜਾਵੇਗੀ ਪੰ੍ਰਤੂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਕੁਝ ਸਥਾਨਕ ਆਗੂ ਇਸ ਮਾਮਲੇ ਨੂੰ ਪ੍ਰਧਾਨਗੀ ਦੀ ਕੁਰਸੀ ਤੱਕ ਪੁੱਜਣ ਦਾ ਜ਼ਰੀਆ ਬਣਾਉਣਾ ਚਾਹੁੰਦੇ ਹਨ । ਇਸ ਲਈ ਇਹ ਅਸੰਭਵ ਲਗਦਾ ਹੈ ਕਿ ਵਿਰੋਧੀ ਧਿਰ ਦੀ ਮਨਸ਼ਾ ਪੂਰੀ ਹੋਵੇਗੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਮਾਮਲਾ ਜ਼ਿਆਦਾ ਵੀ ਭਖ ਸਕਦਾ ਹੈ ਕਿਉਂਕਿ ਪ੍ਰਦਰਸ਼ਨ ਕਰ ਰਹੀ ਧਿਰ ਅੰਦਰ ਵੀ ਕੁਝ ਆਗੂ ਅਜਿਹੇ ਹਨ ਜੋ ਇਸ ਸਾਰੇ ਮਾਮਲੇ ਨੂੰ ਈਓ ਤੋਂ ਵੀ ਅੱਗੇ ਵਧ ਕੇ ਸਰਕਾਰ ਨਾਲ ਜੋੜ ਕੇ ਸੰਘਰਸ਼ ਦਾ ਰੂਪ ਦੇਣਾ ਚਾਹੁੰਦੇ ਹਨ।

error: Content is protected !!