Gee 98News

ਡੇਰਾ ਪ੍ਰੇਮੀ ਕਤਲ ਕਾਂਡ ‘ਚ ਫੜਿਆ ਗਿਆ ਠਾਣੇਦਾਰ ਦਾ ਮੁੰਡਾ

-ਪੰਜਾਬ ਪੁਲਿਸ ਨੂੰ ਘਰ ਦੇ ਭੇਤੀਆਂ ਦੀ ਪਹਿਚਾਣ ਕਰਨ ਦੀ ਲੋੜ

ਬਰਨਾਲਾ 14 ਨਵੰਬਰ (ਨਿਰਮਲ ਸਿੰਘ ਪੰਡੋਰੀ)

ਪਿਛਲੇ ਦਿਨੀਂ ਕੋਟਕਪੂਰਾ ਵਿਖੇ ਡੇਰਾ ਸਿਰਸਾ ਪ੍ਰੇਮੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਪੰਜਾਬ ਪੁਲਿਸ ਦੇ ਇਕ ਸਬ ਇੰਸਪੈਕਟਰ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਉੱਪਰ ਡੇਰਾ ਪ੍ਰੇਮੀ ਦੇ ਕਾਤਲਾਂ ਨੂੰ ਪਟਿਆਲਾ ‘ਚ ਪਨਾਹ ਦੇਣ ਦਾ ਦੋਸ਼ ਹੈ। ਸਬ ਇੰਸਪੈਕਟਰ ਦਾ ਗ੍ਰਿਫ਼ਤਾਰ ਕੀਤਾ ਗਿਆ ਪੁੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਅਤੇ ਹੋਸਟਲ ਵਿਚ ਹੀ ਰਹਿ ਰਿਹਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਕੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਸਬ ਇੰਸਪੈਕਟਰ ਦੇ ਪੁੱਤਰ ਨੂੰ ਕਤਲ ਦੀ ਵਾਰਦਾਤ ਬਾਰੇ ਪਹਿਲਾਂ ਕੋਈ ਜਾਣਕਾਰੀ ਸੀ ਜਾਂ ਫਿਰ ਕਾਤਲਾਂ ਨੇ ਉਸ ਨੂੰ ਫੋਨ ਉੱਪਰ ਪ੍ਰਬੰਧ ਕਰਨ ਲਈ ਕਿਹਾ ਸੀ ਕਿਉਂਕਿ ਉਸ ਦੀ ਗ੍ਰਿਫ਼ਤਾਰੀ ਕਾਲ ਟ੍ਰੇਸ ਦੇ ਆਧਾਰ ‘ਤੇ ਹੀ ਹੋਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ‘ਚ ਨਾਮਜ਼ਦ ਕੀਤੇ ਇੱਕ ਦੋਸ਼ੀ ਦੀ ਹੱਤਿਆ ਕੋਟਕਪੂਰਾ ਵਿਖੇ ਛੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਰ ਦਿੱਤੀ ਸੀ ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਕੀਤਾ ਜਾ ਚੁੱਕਾ ਹੈ। ਫੜੇ ਗਏ ਦੋਸ਼ੀਆਂ ਦੇ ਸੰਪਰਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ। ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਅਤੇ ਹੋ ਰਹੀਆਂ ਵਾਰਦਾਤਾਂ ਵਿੱਚ ਪੁਲਿਸ ਅਫ਼ਸਰਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰਦੀ ਹੈ । ਸਰਕਾਰ ਅਤੇ ਪੁਲਿਸ ਸੂਬੇ ਵਿਚ ਹੋ ਰਹੀ ਕਤਲੋਗਾਰਤ ਅਤੇ ਲੁੱਟਾਂ ਖੋਹਾਂ ਨੂੰ ਗੈਂਗਸਟਰਵਾਦ ਨਾਲ ਜੋੜ ਰਹੀ ਹੈ ਪ੍ਰੰਤੂ ਜੇਕਰ ਇਸ ਗੈਂਗਸਟਰ ਕਲਚਰ ਦਾ ਹਿੱਸਾ ਪੁਲਿਸ ਅਫ਼ਸਰਾਂ ਦੇ ਕੁਝ ਪਰਿਵਾਰ ਹੀ ਹਨ ਤਾਂ ਇਹ ਚਿੰਤਾਜਨਕ ਹੈ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕੁਝ ਪੁਲਿਸ ਅਫ਼ਸਰਾਂ ਦੇ ਪੁੱਤਰਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਕੁਝ ਸੰਗੀਨ ਵਾਰਦਾਤਾਂ ਵਿਚ ਸ਼ਮੂਲੀਅਤ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕੁਝ ਅਫ਼ਸਰ ਅਤੇ ਮੁਲਾਜ਼ਮ ਸਿੱਧੇ ਤੌਰ ‘ਤੇ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਲ ਅਨਸਰਾਂ ਨਾਲ ਸੰਪਰਕ ਰੱਖਣ ਦੇ ਦੋਸ਼ਾਂ ਤਹਿਤ ਫੜੇ ਜਾ ਚੁੱਕੇ ਹਨ। ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਫੋਨ ਅਤੇ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਵੀ ਜੇਲ੍ਹ ਵਿਭਾਗ ਦੇ ਬਹੁਤ ਸਾਰੇ ਮੁਲਾਜ਼ਮ ਫੜੇ ਜਾ ਚੁੱਕੇ ਹਨ। ਕੁੱਲ ਮਿਲਾ ਕੇ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਹਨ ਜੋ ਇਹ ਸਪਸ਼ਟ ਸੰਕੇਤ ਦੇ ਰਹੇ ਹਨ ਕਿ ਸਰਕਾਰ ਅਤੇ ਖ਼ਾਸ ਕਰਕੇ ਪੰਜਾਬ ਪੁਲਿਸ ਸੂਬੇ ‘ਚ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ਨੂੰ ਸਿਰਫ਼ ਗੈਂਗਸਟਰਵਾਦ ਨਾਲ ਜੋੜਨ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਕੇ ਘਰ ਦੇ ਭੇਤੀਆਂ ਦੀ ਪਹਿਚਾਣ ਕਰੇ,ਜੋ ਸਾਰੀ ਪੁਲਿਸ ਫੋਰਸ ਨੂੰ ਬਦਨਾਮ ਕਰ ਰਹੇ ਹਨ ਅਤੇ ਪੁਲਿਸ ਦੇ ਅਕਸ ‘ਤੇ ਧੱਬਾ ਬਣ ਰਹੇ ਹਨ ।

Gee98 Ads
error: Content is protected !!