-ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼ ਦਾ ਮਾਮਲਾ
ਜਲੰਧਰ :- ਬੀਤੇ ਦਿਨੀਂ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਲਾਸ਼ ਮਿਲਣ ਦੇ ਮਾਮਲੇ ਸੰਬੰਧੀ ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਦੋਸ਼ੀ ਮੁਹੰਮਦ ਇਸਤਿਆਕ ਉਰਫ ਐਮਡੀ ਪੁੱਤਰ ਮੁਹੰਮਦ ਮੋਛਨ ਵਾਸੀ ਪਿੰਡ ਸਿਸਿਆ ਡਾਕਖਾਨਾ ਕਾਂਤ ਨਗਰ ਥਾਣਾ ਬਰਾਰੀ, ਜ਼ਿਲ੍ਹਾ ਕਠਿਆਰ (ਬਿਹਾਰ) ਹਾਲ ਆਬਾਦ ਪਿੰਡ ਗਦਈਪੁਰ ਮਾਰਕੀਟ ਜਲੰਧਰ ਨੂੰ ਕਾਬੂ ਕੀਤਾ ਹੈ। ਘਟਨਾ ਦੇ ਵੇਰਵੇ ਅਨੁਸਾਰ 15 ਨਵੰਬਰ ਨੂੰ ਦੋਸ਼ੀ ਇੱਕ ਲਾਲ ਰੰਗ ਦਾ ਵੱਡਾ ਸੂਟਕੇਸ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਰੱਖ ਗਿਆ ਸੀ, ਜਿਸ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਪਹਿਚਾਣ ਮੁਹੰਮਦ ਸਮੀਦ ਵਾਸੀ ਬਿਹਾਰ ਵਜੋ ਹੋਈ ਸੀ। ਦੋਸ਼ੀ ਦੀ ਗਿ੍ਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਦੋਸ਼ੀ ਮੁਹੰਮਦ ਇਸਤਿਆਕ ਨੂੰ ਸ਼ੱਕ ਸੀ ਕਿ ਮਿ੍ਤਕ ਨੌਜਵਾਨ ਮੁਹੰਮਦ ਸਮੀਦ ਦੇ ਉਸ ਦੇ ਚਾਚੇ ਦੀ ਲੜਕੀ ਨਾਲ ਨਾਜਾਇਜ਼ ਸੰਬੰਧ ਹਨ, ਜਿਸ ਕਰਕੇ ਦੋਸ਼ੀ ਦੇ ਮਨ ’ਚ ਮਿ੍ਰਤਕ ਨੌਜਵਾਨ ਸੰਬੰਧੀ ਰੰਜ਼ਿਸ ਸੀ। 14 ਅਤੇ 15 ਨਵੰਬਰ ਦੀ ਰਾਤ ਮੁਹੰਮਦ ਇਸਤਿਆਕ ਨੇ ਬੱਬਲੂ ਨੂੰ ਆਪਣੇ ਕਮਰੇ ’ਚ ਰਾਤ 12.30 ਵਜੇ ਬੁਲਾਇਆ ਅਤੇ ਦੋਵਾਂ ਜਣਿਆਂ ਨੇ ਸ਼ਰਾਬ ਪੀਤੀ, ਜਦ ਬੱਬਲੂ ਪੂਰੀ ਤਰਾਂ ਸ਼ਰਾਬੀ ਹੋ ਗਿਆ ਤਾਂ ਦੋਸ਼ੀ ਮੁਹੰਮਦ ਇਸਤਿਆਕ ਨੇ ਮਫ਼ਲਰ ਨਾਲ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਸੂਟਕੇਸ ਵਿੱਚ ਪਾ ਕੇ ਰੇਲਵੇ ਸਟੇਸ਼ਨ ਵਿੱਚ ਰੱਖਣ ਲਈ ਚਲਾ ਗਿਆ ਤਾਂ ਕਿ ਕਿਸੇ ਨੂੰ ਪਤਾ ਨਾਲ ਲੱਗ ਸਕੇ ਪ੍ਰੰਤੂ ਰੇਲਵੇ ਸਟੇਸ਼ਨ ’ਤੇ ਪੁਲਿਸ ਹੋਣ ਕਾਰਨ ਮੁਹੰਮਦ ਇਸਤਿਆਕ ਨੇ ਬੱਬਲੂ ਦੀ ਲਾਸ਼ ਵਾਲਾ ਸੂਟਕੇਸ ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ਵਿੱਚ ਹੀ ਰੱਖ ਦਿੱਤਾ। ਪੁਲਿਸ ਨੇ ਦੋਸ਼ੀ ਮੁਹੰਮਦ ਇਸਤਿਆਕ ਤੋਂ ਮਿ੍ਤਕ ਬੱਬਲੂ ਦਾ ਮੋਬਾਈਲ ਫੋਨ ਅਤੇ ਵਾਰਦਾਤ ਸਮੇ ਦੋਸ਼ੀ ਵੱਲੋਂ ਪਹਿਨੇ ਹੋਏ ਕੱਪੜੇ, ਉਸ ਦਾ ਆਪਣਾ ਫੋਨ ਵੀ ਬਰਾਮਦ ਕੀਤਾ ਹੈ।









