Gee 98News

ਸਰਕਾਰੀ ਸਕੂਲ ਕਰਮਗੜ੍ਹ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਪੰਜਾਬੀ ਮੇਲਾ ਲਗਾਇਆ

ਬਰਨਾਲਾ 25 ਨਵੰਬਰ (ਨਿਰਮਲ ਸਿੰਘ ਪੰਡੋਰੀ)-

ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ, ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਆਈ.ਏ.ਐੱਸ ਦੀ ਅਗਵਾਈ ਅਤੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਉਣ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਕਰਵਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਦੇ ਵਿਹੜੇ ਵਿੱਚ ਇੰਚਾਰਜ ਪ੍ਰਿੰਸੀਪਲ ਸੁਰਜਨ ਸਿੰਘ ਦੀ ਅਗਵਾਈ ਹੇਠ ਪੰਜਾਬੀ ਮੇਲਾ ਲਗਾਇਆ ਗਿਆ। ਮੇਲੇ ਵਿਚ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫਸਰ ਬਰਨਾਲਾ ਵੱਲੋਂ ਸ਼ਮੂਲੀਅਤ ਕੀਤੀ ਗਈ। ਪਿੰਡ ਦੇ ਸਰਪੰਚ ਬਲਵੀਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਚਹਿਲ ਅਤੇ ਜਰਨੈਲ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਮੇਲੇ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਵਿਤਾ ਲਿਖਣ ਅਤੇ ਬੋਲਣ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ । ਪੰਜਾਬੀ ਵਿਰਸੇ ਨਾਲ ਸੰਬੰਧਤ ਪੁਰਾਣੀਆਂ ਸੱਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਵੱਲੋਂ ਬਣਾਏ ਗਏ ਮਿੱਟੀ ਦੇ ਭਾਂਡੇ, ਪੱਖੀਆਂ, ਇੰਨੂ,ਪੀੜੀਆਂ, ਚਾਦਰਾਂ ਫੁਲਕਾਰੀਆਂ ਦੇ ਕਢਾਈ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ। ਇਸ ਦੇ ਨਾਲ ਹੀ ਪ੍ਰਦਰਸ਼ਨੀ ਵਿੱਚ ਪੁਰਾਣੇ ਸਮੇਂ ਵਿਚ ਵਰਤੇ ਜਾਂਦੇ ਪਿੱਤਲ ਦੇ ਭਾਂਡੇ, ਗਾਗਰ, ਖੂੰਡਾ, ਝੱਕਰਾ, ਢੋਲਕੀ, ਸੈਣੇ, ਪੀੜੀਆਂ,ਚਰਖਾ ,ਚੱਕੀ ਅਤੇ ਖੇਤੀ ਦੇ ਸੰਦਾਂ ਦੇ ਚਾਲੂ ਮਾਡਲ ਵੀ ਸ਼ਾਮਲ ਕੀਤੇ ਗਏ ਸਨ। ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੱਥ ਨਾਲ ਬਣਾਏ ਚਾਰਟ, ਮਾਡਲ, ਸਲੋਗਨ, ਪੈਂਤੀ ਅੱਖਰੀ, ਫੱਟੀਆਂ, ਮੁਹਾਰਨੀ ਅਤੇ ਵਿਆਕਰਨ ਨਾਲ ਸੰਬੰਧਿਤ ਚਾਰਟ ਆਦਿ ਵੀ ਸ਼ਾਮਲ ਸਨ। ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਸੂਫੀ ਕਵੀ ਵਾਰਿਸ ਸ਼ਾਹ, ਬੁੱਲੇ ਸ਼ਾਹ ਅਤੇ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਦੀਆਂ ਵੱਡ ਅਕਾਰੀ ਤਸਵੀਰਾਂ ਆਕਰਸ਼ਨ ਦਾ ਕੇਂਦਰ ਰਹੀਆਂ। ਇਸ ਸਮੇਂ ਸਾਹਿਤਕ ਪੁਸਤਕ ਪ੍ਰਦਰਸ਼ਨੀ ਲਗਾਉਣ ਦੇ ਨਾਲ ਨਾਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸਮੂਹਿਕ ਲੋਕ ਨਾਚ ਗਿੱਧਾ, ਭੰਗੜਾ, ਰਵਾਇਤੀ ਗੀਤ, ਸੁਹਾਗ, ਘੋੜੀਆਂ,ਕਵਿਤਾਵਾਂ, ਗੀਤ, ਗਜ਼ਲਾਂ ਪੇਸ਼ ਕੀਤੀਆਂ ਗਈਆਂ। ਸਾਹਿਤ ਸਿਰਜਣ ਮੁਕਾਬਲੇ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਰਟੀਫਿਕੇਟ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਨੂੰ ਹੱਥੀਂ ਬਣਾਈ ਬੁੱਲ੍ਹੇ ਸ਼ਾਹ ਦੀ ਤਸਵੀਰ ਤੋਹਫ਼ੇ ਵਜੋਂ ਭੇਟ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ‘ਚ ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਪੰਜਾਬੀ ਮੇਲੇ ਦੇ ਉਪਰਾਲੇ ਦੀ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਂ ਬੋਲੀ ਵਿੱਚ ਗੱਲਬਾਤ ਕਰਨ ਵਿੱਚ ਸਾਨੂੰ ਕਦੇ ਵੀ ਝਿਜਕ ਨਹੀਂ ਵਿਖਾਉਣੀ ਚਾਹੀਦੀ।ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ ਨੇ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।ਸਮਾਗਮ ਦੇ ਅੰਤ ਵਿੱਚ ਅੰਜਨਾ ਮੈਨਨ ਨੇ ਆਏ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਮੇਲੇ ਦੀ ਤਿਆਰੀ ਵਿੱਚ ਸੁਨੀਤਾ ਰਾਣੀ ਪੰਜਾਬੀ ਲੈਕਚਰਾਰ, ਅੰਜਨਾ ਕੁਮਾਰੀ ਅਤੇ ਹਰਮਨਦੀਪ ਕੌਰ, ਸਿਮਰਜੀਤ ਕੌਰ,  ਹਰਪ੍ਰੀਤ ਕੌਰ ਸਮੇਤ ਸਮੂਹ ਸਟਾਫ ਦਾ ਸਹਿਯੋਗ ਰਿਹਾ। ਮੰਚ ਸੰਚਾਲਨ ਦੀ ਭੂਮਿਕਾ ਸੱਤਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਦੇ ਕਰਮਚਾਰੀ ਸੁਖਮਨ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

error: Content is protected !!