Gee 98News

ਧਾਕੜ ਕਾਂਗਰਸੀ ਆਗੂ ਬਰਾੜ ਨੂੰ ਪਾਰਟੀ ’ਚੋਂ ਕੱਢਿਆ

ਚੰਡੀਗੜ :- ਪੰਜਾਬ ਕਾਂਗਰਸ ਨੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਅਤੇ ਯੂਥ ਕਾਂਗਰਸ ਦੇ ਧਾਕੜ ਆਗੂ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਵੱਲੋਂ ਇਸ ਸੰਬੰਧੀ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਮਲਜੀਤ ਸਿੰਘ ਬਰਾੜ ਵੱਲੋਂ ਪਿਛਲੇ ਕੁਝ ਸਮੇਂ ਤੋਂ ਸਿੱਖ ਆਗੂ ਅੰਮਿ੍ਤਪਾਲ ਸਿੰਘ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਜਾ ਰਹੀ ਸੀ। ਅੰਮਿ੍ਤਪਾਲ ਸਿੰਘ ਸੰਬੰਧੀ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਦਾ ਵੀ ਕਮਲਜੀਤ ਸਿੰਘ ਬਰਾੜ ਵਿਰੋਧ ਕਰਦਾ ਰਿਹਾ ਹੈ। ਬਰਾੜ ਬਾਰੇ ਇਹ ਤੱਥ ਵੀ ਜ਼ਿਕਰਯੋਗ ਹੈ ਕਿ ਉਹ 1984 ਵਿੱਚ ਸਿੱਖ ਨਸਲਕੁਸ਼ੀ ਅਤੇ ਸ੍ਰੀ ਦਰਬਾਰ ਸਿੰਘ ਅੰਮਿ੍ਤਸਰ ਉੱਪਰ ਫੌਜੀ ਹਮਲੇ ਸੰਬੰਧੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਉਣ ਸੰਬੰਧੀ ਪੋਸਟਾਂ ਉੱਪਰ ਵੀ ਕਮਲਜੀਤ ਬਰਾੜ ਸਿੱਖ ਕੌਮ ਦੇ ਹੱਕ ’ਚ ਟਿੱਪਣੀਆਂ ਕਰਦਾ ਰਿਹਾ ਹੈ। ਕਮਲਜੀਤ ਸਿੰਘ ਬਰਾੜ ਆਪਣੇ ਮੋਬਾਇਲ ਫੋਨ ਉੱਪਰ ਅਕਸਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਵੀ ਲਗਾਉਂਦਾ ਰਿਹਾ ਹੈ। ਕਮਲਜੀਤ ਸਿੰਘ ਬਰਾੜ ਦੇ ਖਿਲਾਫ਼ ਮੌਜੂਦਾ ਸਮੇਂ ਕਾਂਗਰਸ ਪਾਰਟੀ ਵੱਲੋਂ ਕੀਤੀ ਕਾਰਵਾਈ ਸੰਬੰਧੀ ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਅੰਮਿ੍ਤਪਾਲ ਸਿੰਘ ਦੇ ਹੱਕ ’ਚ ਬੋਲਣਾ ਕਾਂਗਰਸ ਨੂੰ ਰਾਸ ਨਹੀਂ ਆਇਆ ਅਤੇ ਬਰਾੜ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

error: Content is protected !!