Gee 98News

ਫਾਰਮਾਸਿਸਟਾਂ ਦੀਆਂ ਡਿਗਰੀਆਂ ਪੜ੍ਹਤਾਲ ਦੀ ਕਸਵੱਟੀ ’ਤੇ, ਵੱਡੀ ਗਿਣਤੀ ਰਜਿਸਟ੍ਰੇਸ਼ਨ ਫਰਜ਼ੀ ਹੋਣ ਦੀ ਚਰਚਾ

ਬਰਨਾਲਾ , 28 ਨਵੰਬਰ (ਨਿਰਮਲ ਸਿੰਘ ਪੰਡੋਰੀ ) :

ਪੰਜਾਬ ’ਚ ਫਾਰਮਾਂਸਿਸਟਾਂ ਦੀਆਂ ਡਿਗਰੀਆਂ ਦੀ ਪੜਤਾਲ ਦੌਰਾਨ ਜਾਅਲੀ ਡਿਗਰੀਆਂ ਵਾਲੇ ਫਾਰਮਾਸਿਸਟਾਂ ਦੀ ਫੌਜ ਸਾਹਮਣੇ ਆਉਣ ਦੇ ਆਸਾਰ ਬਣਦੇ ਜਾ ਰਹੇ ਹਨ। ਸੂਬੇ ’ਚ ਪਿਛਲੇ ਸਮੇਂ ਦੌਰਾਨ 5 ਹਜ਼ਾਰ ਤੋਂ ਵੱਧ ਡਿਗਰੀਆਂ ਦੀ ਜਾਂਚ ਹੋਈ ਜਿਸ ਵਿੱਚ 40 ਫ਼ੀਸਦੀ ਤੋਂ ਵੱਧ ਡਿਗਰੀਆਂ ਦੀ ਰਜਿਸਟ੍ਰੇਸ਼ਨ ਫ਼ਰਜ਼ੀ ਨਿਕਲਣ ਦੀਆਂ ਕਨਸੋਆਂ ਹਨ। ਪਿਛਲੀਆਂ ਸਰਕਾਰਾਂ ਦੌਰਾਨ ਵੱਡੀ ਪੱਧਰ ’ਤੇ ਬਿਨਾਂ ਠੋਸ ਪੜ੍ਹਤਾਲ ਕੀਤੇ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਕਰਨ ਦੀਆਂ ਸ਼ਿਕਾਇਤਾਂ ਕਰਨ ਤੋਂ ਬਾਅਦ ਇਹ ਪੜ੍ਹਤਾਲ ਕੀਤੀ ਗਈ ਪ੍ਰੰਤੂ ਕਾਰਵਾਈ ਦੇ ਨਤੀਜੇ ਸਾਹਮਣੇ ਨਹੀਂ ਆਏ। ਫਾਰਮੇਸੀ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਵਿਗਿਆਨ ਦੇ ਵਿਸ਼ਿਆਂ ਵਿੱਚ ਬਾਰਵੀਂ ਪਾਸ ਕਰਨੀ ਹੁੰਦੀ ਹੈ, ਪੜ੍ਹਤਾਲ ਦੌਰਾਨ ਸਾਹਮਣੇ ਆਇਆ ਹੈ ਕਿ 40 ਫ਼ੀਸਦੀ ਰਜਿਸਟਰਡ ਫਾਰਮਾਸਿਸਟਾਂ ਨੇ ਪੰਜਾਬ ਤੋਂ ਬਾਹਰਲੇ ਸ਼ੱਕੀ ਬੋਰਡਾਂ ਤੋਂ ਦਸਵੀਂ ਅਤੇ ਬਾਰਵੀਂ ਦੇ ਸਰਟੀਫਿਕੇਟ ਆਪਣੀ ਫਾਇਲ ਨਾਲ ਲਗਾਏ ਹਨ। ਉਸ ਤੋਂ ਇਲਾਵਾ ਬਹੁਤੇ ਡਿਗਰੀਧਾਰਕ 40 ਸਾਲ ਤੋਂ ਵੀ ਵੱਧ ਉਮਰ ਦੇ ਹਨ ਅਤੇ ਇੱਥੋ ਤੱਕ ਕਿ ਫਾਰਮੇਸੀ ਦੀ ਡਿਗਰੀ ਪ੍ਰਾਪਤ ਕਰਨ ਮੌਕੇ ਕਈਆਂ ਦੀ ਉਮਰ 50 ਸਾਲ ਤੱਕ ਵੀ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਫਾਰਮੇਸੀ ਕਾਲਜਾਂ ਨੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਅਯੋਗ ਫਾਰਮਾਸਿਸਟਾਂ ਨੂੰ ਲਾਇਸੈਂਸ ਦਿੱਤੇ।ਇਹ ਵੀ ਸਾਹਮਣੇ ਆਇਆ ਹੈ ਕਿ ਫਾਰਮੇਸੀ ਕੌਂਸਲ ਦੇ ਇੱਕ ਰਜਿਸਟਰਾਰ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫਰਜ਼ੀ ਰਜਿਸਟ੍ਰੇਸ਼ਨ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਪੁਲਿਸ ਕਾਰਵਾਈ ਦੀ ਗੱਲ ਕੀਤੀ ਸੀ ਪ੍ਰੰਤੂ ਉਸ ਨੂੰ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਸੀ।

ਸਮੇਂ-ਸਮੇਂ ਤੇ ਸੂਬੇ ’ਚ ਫਾਰਮਾਸਿਸਟਾਂ ਦੀਆਂ ਡਿਗਰੀਆਂ ਅਤੇ ਰਜਿਸਟ੍ਰੇਸ਼ਨ ਸੰਬੰਧੀ ਸਮੁੱਚੀ ਪ੍ਰਕਿਰਿਆ ਦੀ ਮੰਗ ਉੱਠਦੀ ਰਹੀ ਹੈ ਪ੍ਰੰਤੂ ਹਮੇਸ਼ਾ ਇਸ ਮੰਗ ਉਪਰ ਪਰਦਾ ਪਾਇਆ ਜਾਂਦਾ ਰਿਹਾ ਹੈ। ਅੰਦਾਜ਼ਾ ਹੈ ਕਿ ਜੇਕਰ ਫਾਰਮਾਸਿਸਟਾਂ ਦੀਆਂ ਡਿਗਰੀਆਂ ਦੀ ਪੜ੍ਹਤਾਲ ਅਤੇ ਦਸਵੀਂ-ਬਾਰਵੀਂ ਦੇ ਸਰਟੀਫਿਕੇਟਾਂ ਦੀ ਪੜਤਾਲ ਸੀਮਤ ਸਮੇਂ ਵਿੱਚ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਚਰਚਾ ਇਹ ਵੀ ਹੈ ਛੋਟੇ ਕਸਬਿਆਂ ਅਤੇ ਪਿੰਡਾਂ ਅੰਦਰ ਕੁਝ ਫਾਰਮਸਿਸਟਾਂ ਨੇ ਆਪਣੇ ਲਾਇਸੈਂਸ ਵੇਚੇ ਹੋਏ ਜਾਂ ਠੇਕੇ ’ਤੇ ਦਿੱਤੇ ਹੋਏ ਹਨ, ਜਿਨਾਂ ਦੇ ਨਾਮ ’ਤੇ ਦੁਕਾਨਦਾਰੀ ਕੋਈ ਹੋਰ ਹੀ ਕਰ ਰਿਹਾ ਹੈ। ਇਹ ਦੁਕਾਨਦਾਰ ਸਰਟੀਫਿਕੇਟ ਧਾਰਕਾਂ ਨੂੰ ਸਲਾਨਾ ਜਾ ਪ੍ਰਤੀ ਮਹੀਨਾ ਫੀਸ ਦਿੰਦੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਫਾਰਮਾਸਿਸਟ ਆਪਣੀਆਂ ਦੁਕਾਨਾਂ ’ਚ ਡਾਕਟਰੀ ਵੀ ਕਰ ਰਹੇ ਹਨ। ਸਾਲ 2000 ਤੋਂ 2013 ਦੌਰਾਨ ਵੱਡੀ ਗਿਣਤੀ ਵਿੱਚ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਹੋਈ , ਜੋ ਸ਼ੱਕ ਦੇ ਘੇਰੇ ਵਿੱਚ ਆਈ 2019 ਵਿੱਚ ਵੀ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਪ੍ਰੰਤੂ ਇਹ ਜਾਂਚ ਅਜੇ ਤੱਕ ਸਿਰੇ ਨਹੀਂ ਚੜੀ ।ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਭ ਕੁਝ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਫਾਰਮਾਸਿਸਟਾਂ ਦੀਆਂ ਡਿਗਰੀਆਂ ਦੀ ਪੜ੍ਹਤਾਲ ਦੀ ਚਰਚਾ ਦੌਰਾਨ ‘ਕਮੀ-ਪੇਸ਼ੀ’ ਵਾਲਿਆਂ ’ਚ ਭਾਜੜ ਮੱਚੀ ਹੋਈ ਹੈ। ਦੇਖਣਯੋਗ ਹੋਵੇਗਾ ਕਿ ਫਾਰਮਾਸਿਸਟਾਂ ਦੀਆਂ ਡਿਗਰੀਆਂ ਦੀ ਪੜ੍ਹਤਾਲ ਜਾਂ ਕੁਝ ਫਾਰਮਾਸਿਸਟਾਂ ਵੱਲੋਂ ਆਪਣੇ ਲਾਇਸੈਂਸ ਠੇਕੇ ’ਤੇ ਦੇਣ ਸੰਬੰਧੀ ਸ਼ਿਕਾਇਤਾਂ ਦੀ ਪੜ੍ਹਤਾਲ ‘‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ’’ ਕਹਾਵਤ ਅਨੁਸਾਰ ਹੋਵੇਗੀ ਜਾਂ ਫਿਰ ਦੁੱਧ ’ਚ ਪਾਣੀ ਮਿਲ ਜਾਵੇਗਾ ।

Gee98 Ads
error: Content is protected !!