-ਦੋ ਧੜਿਆਂ ‘ਚ ਵੰਡੀ ਜਥੇਬੰਦੀ ਦੇ ਵੱਡੇ ਆਗੂ ਆਹਮੋ-ਸਾਹਮਣੇ
–ਬੀਕੇਯੂ (ਡਕੌਂਦਾ) ਦੀ ਅੰਦਰੂਨੀ ਲੜਾਈ
ਬਰਨਾਲਾ 06 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੀ ਇਕ ਵੱਡੀ ਕਿਸਾਨ ਜਥੇਬੰਦੀ ਦੇ ਚੋਟੀ ਦੇ ਆਗੂ ਆਹਮੋ- ਸਾਹਮਣੇ ਹਨ । ਸ਼ਬਦਾਂ ਦੇ ਤੀਰ ਦੋਵੇਂ ਪਾਸਿਆਂ ਤੋਂ ਨਿਕਲ ਚੁੱਕੇ ਹਨ ਅਤੇ ਸ਼ਬਦਾਂ ਦੇ ਤੀਰ ਦੋਵੇਂ ਧਿਰਾਂ ਦੇ ਹਿਰਦਿਆਂ ਨੂੰ ਵਲੂੰਧਰ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੋਫਾੜ ਹੋ ਚੁੱਕੀ ਹੈ । ਇੱਕ ਪਾਸੇ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਧੜਾ ਖੜਾ ਹੈ ਅਤੇ ਦੂਜੇ ਪਾਸੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਧੜਾ ਹੈ। ਬੂਟਾ ਸਿੰਘ ਬੁਰਜਗਿੱਲ ਵੱਲੋਂ ਬਤੌਰ ਪ੍ਰਧਾਨ ਅਪਣੀ ਪਾਵਰ ਦੀ ਵਰਤੋਂ ਕਰਦੇ ਹੋਏ ਮਨਜੀਤ ਸਿੰਘ ਧਨੇਰ ਦੇ ਨਾਲ ਖੜੇ ਬਾਕੀ ਆਗੂਆਂ ਨੂੰ ਜਥੇਬੰਦੀ ਵਿਚੋਂ ਕੱਢ ਦਿੱਤਾ ਹੈ ਅਤੇ ਮਨਜੀਤ ਸਿੰਘ ਧਨੇਰ ਦੇ ਗਰੁੱਪ ਵੱਲੋਂ ਜਥੇਬੰਦੀ ਦੇ ਜਨਰਲ ਕੌਂਸਲ ਕੋਲ ਸਾਰਾ ਮਾਮਲਾ ਲਿਜਾਣ ਦੀ ਗੱਲ ਆਖੀ ਜਾ ਰਹੀ ਹੈ। ਮਨਜੀਤ ਸਿੰਘ ਧਨੇਰ ਵੱਲੋਂ ਵਰਤੇ ਜਾ ਰਹੇ ਸਖ਼ਤ ਸ਼ਬਦਾਂ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਦੋਵੇਂ ਧੜਿਆਂ ਵਿਚਕਾਰ ਪੈਦਾ ਹੋਇਆ ਵਿਵਾਦ ਕਾਫੀ ਵੱਧ ਚੁੱਕਿਆ ਹੈ ਅਤੇ ਦੋਵੇਂ ਪਾਸੇ ਹਾਲਾਤ ਕੁਝ ਅਜਿਹੇ ਬਣ ਚੁੱਕੇ ਹਨ ਕਿ ਦੋਵੇਂ ਧੜਿਆਂ ਨੂੰ ਪਿੱਛੇ ਮੁੜਨਾ ਅਸੰਭਵ ਲੱਗ ਰਿਹਾ ਹੈ। ਬੀਕੇਯੂ ਡਕੌਂਦਾ ਵਿਚ ਤਰੇੜ ਦੀ ਜੜ੍ਹ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੀ ਚਿੱਠੀ ਹੈ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੀ ਦੱਸੀ ਜਾ ਰਹੀ ਹੈ ਅਤੇ ਇਸ ਚਿੱਠੀ ਵਿੱਚ ਬੂਟਾ ਸਿੰਘ ਬੁਰਜਗਿੱਲ ਵੱਲੋਂ ਕਿਸਾਨ ਅੰਦੋਲਨ ਮੌਕੇ ਨਿਭਾਈ ਗਈ ਸ਼ੱਕੀ ਭੂਮਿਕਾ ਅਤੇ ਹਿਸਾਬ ਕਿਤਾਬ ਨਾ ਦੇਣ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਇਹ ਚਿੱਠੀ ਬੂਟਾ ਸਿੰਘ ਬੁਰਜਗਿੱਲ ਤੋਂ ਇਲਾਵਾ ਡਕੌਂਦਾ ਦੇ ਚੋਟੀ ਦੇ ਸਾਰੇ ਆਗੂਆਂ ਨੂੰ ਵੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਾਰੇ ਆਗੂ ਇਸ ਚਿੱਠੀ ਉਪਰ ਚਰਚਾ ਕਰਨ ਦੀ ਗੱਲ ਆਖ ਰਹੇ ਸਨ ਪ੍ਰੰਤੂ ਦੋਸ਼ਾਂ ਵਿੱਚ ਆ ਚੁੱਕੇ ਬੂਟਾ ਸਿੰਘ ਬੁਰਜਗਿੱਲ ਨੇ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੀ ਚਿੱਠੀ ‘ਤੇ ਚਰਚਾ ਕਰਨ ਦੀ ਬਜਾਏ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਚਿੱਠੀ ਉਪਰ ਚਰਚਾ ਕਰਨ ਦੀ ਮੰਗ ਕਰ ਰਹੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ, ਇਹ ਮਨਜੀਤ ਸਿੰਘ ਧਨੇਰ ਦਾ ਕਹਿਣਾ ਹੈ। ਦੂਜੇ ਪਾਸੇ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ ਚਿੱਠੀ ਸੰਯੁਕਤ ਕਿਸਾਨ ਮੋਰਚੇ ਦੀ ਪੜਤਾਲੀਆਂ ਕਮੇਟੀ ਵੱਲੋਂ ਨਹੀਂ ਸਗੋਂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਇੱਕ ਸਾਜ਼ਿਸ਼ ਤਹਿਤ ਜਾਰੀ ਕੀਤੀ ਗਈ ਹੈ ਕਿਉਂਕਿ ਉਹ ਬੀਕੇਯੂ ਡਕੌਂਦਾ ‘ਚ ਦੋਫਾੜ ਪਾਉਣਾ ਚਾਹੁੰਦਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਬੂਟਾ ਸਿੰਘ ਬੁਰਜਗਿੱਲ ਨੇ ਇਹ ਵੀ ਮੰਨਿਆ ਕਿ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਚੁੱਕਿਆ ਹੈ ਭਾਵ ਬੂਟਾ ਸਿੰਘ ਬੁਰਜਗਿੱਲ ਨੇ ਸਿੱਧੇ ਤੌਰ ‘ਤੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਦੋਫਾੜ ਹੋ ਚੁੱਕੀ ਹੈ। ਬਹਰਹਾਲ! ਮਾਮਲਾ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਜੋ ਹਾਲਾਤ ਡਕੌਂਦਾ ਵਿੱਚ ਪੈਦਾ ਹੋਏ ਹਨ ਇਹਨਾਂ ਹਲਾਤਾਂ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਅਤੇ ਹਰ ਤਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਨਿਰਾਸ਼ਾ ਹੋਈ ਹੈ । ਕੁਝ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਬੂਟਾ ਸਿੰਘ ਬੁਰਜਗਿੱਲ ਨੂੰ ਜਾਰੀ ਕੀਤੀ ਚਿੱਠੀ ਜੋਗਿੰਦਰ ਸਿੰਘ ਉਗਰਾਹਾਂ ਦੀ ਬਜਾਏ ਪੜਤਾਲੀਆ ਕਮੇਟੀ ਦੇ ਸਾਰੇ ਮੈਂਬਰਾਂ ਦੇ ਦਸਤਖ਼ਤਾਂ ਹੇਠ ਜਾਰੀ ਹੋਣੀ ਚਾਹੀਦੀ ਸੀ ਅਤੇ ਬੂਟਾ ਸਿੰਘ ਬੁਰਜਗਿੱਲ ਨੂੰ ਜਵਾਬ ਦੇਣ ਲਈ ਇਕ ਸਮਾਂ ਮੁਕਰਰ ਕੀਤਾ ਜਾਣਾ ਚਾਹੀਦਾ ਸੀ ਜੇਕਰ ਦੇ ਸਮੇਂ ਵਿੱਚ ਕੋਈ ਜਵਾਬ ਨਾ ਦਿੱਤਾ ਜਾਂਦਾ ਤਾਂ ਜੋ ਕਿਸਾਨ ਮੋਰਚੇ ਦੀ ਕੇਂਦਰੀ ਕਮੇਟੀ ਵੱਲੋ ਬੂਟਾ ਸਿੰਘ ਬੁਰਜਗਿੱਲ ਦੇ ਖਿਲਾਫ ਫੈਸਲਾ ਹੋਣਾ ਚਾਹੀਦਾ ਸੀ ਜਿਵੇਂ ਕਿਸਾਨ ਅੰਦੋਲਨ ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਹੋਰ ਆਗੂਆਂ ਦੇ ਖ਼ਿਲਾਫ਼ ਸੁਣਾਇਆ ਗਿਆ ਸੀ । ਬਹਰਹਾਲ! ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਹ ਵਿਵਾਦ ਕਿੱਥੇ ਜਾ ਕੇ ਖ਼ਤਮ ਹੋਵੇਗਾ ਇਹ ਸਮੇਂ ਦੀ ਬੁੱਕਲ ਵਿੱਚ ਹੈ ਪਰ ਇਹ ਸਪੱਸ਼ਟ ਦਿਸ ਰਿਹਾ ਹੈ ਕਿ ਪੰਜਾਬ ਵਿਰੋਧੀ, ਕਿਸਾਨ ਮਜ਼ਦੂਰ ਵਿਰੋਧੀ ਤਾਕਤਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਈਆਂ ਹਨ….ਸਾਰੇ ਬੋਲੋ…. ਦਿੱਲੀ ਦਰਬਾਰ ਦੀ ਜੈ….!
