-ਮੰਤਰੀ ਵੱਲੋਂ ਅਧਿਆਪਕ ਨੂੰ ਪਾਈ ਝਾੜ ਦਾ ਹੋਰ ਅਧਿਆਪਕਾਂ ਨੇ ਦਿੱਤਾ ਜਵਾਬ
ਬਰਨਾਲਾ 06 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੋਸ਼ਲ ਮੀਡੀਆ ‘ਤੇ ਆਪਣੀ ਇਕ ਪੋਸਟ ਉੱਪਰ ਇੱਕ ਕੰਪਿਊਟਰ ਅਧਿਆਪਕਾਂ ਵੱਲੋਂ ਕੀਤੀ ਟਿਪਣੀ ਤੋਂ ਨਾਰਾਜ਼ ਹੋ ਗਏ ਹਨ। ਸਿੱਖਿਆ ਮੰਤਰੀ ਨੇ ਆਪਣੀ ਪੋਸਟ ‘ਤੇ ਅਧਿਆਪਕ ਦੀ ਟਿੱਪਣੀ ਦਾ ਤੁਰੰਤ ਜਵਾਬ ਦਿੱਤਾ ਅਤੇ ਅਧਿਆਪਕ ਨੂੰ ਝਾੜ ਵੀ ਪਾਈ। ਦਰਅਸਲ ਸਿੱਖਿਆ ਮੰਤਰੀ ਲੀਬੀਆ ਵਿਚ ਫਸੇ ਕੁਝ ਭਾਰਤੀ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਤੇ ਉਨ੍ਹਾਂ ਨੂੰ ਲਿਬੀਆ ਵਿੱਚ ਕੁਝ ਪੈਸੇ ਅਤੇ ਭੋਜਨ ਮੁੱਹਈਆ ਕਰਵਾਉਣ ਸਬੰਧੀ ਆਪਣੇ ਵੱਲੋਂ ਕੀਤੇ ਯਤਨਾਂ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰ ਰਹੇ ਸਨ। ਉਹਨਾਂ ਦੀ ਇਸ ਪੋਸਟ ਦੇ ਹੇਠਾਂ ਪ੍ਰੀਤ ਨਕੋਦਰ ਦੀ ਆਈਡੀ ਵਾਲੇ ਨਾਮ ਤੋਂ ਇਕ ਕੰਪਿਊਟਰ ਅਧਿਆਪਕ ਨੇ ਟਿੱਪਣੀ ਕੀਤੀ ਕਿ “ਪੰਜਾਬ ‘ਚ ਸਕੂਲਾਂ ਨੂੰ ਡਿਜੀਟਲ ਬਣਾਉਣ ਵਿੱਚ ਕੰਪਿਊਟਰ ਅਧਿਆਪਕਾਂ ਦਾ ਬਹੁਤ ਯੋਗਦਾਨ ਹੈ ਪ੍ਰੰਤੂ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦਿੱਤੇ। । ਪ੍ਰੀਤ ਨਕੋਦਰ ਨਾਮ ਦੇ ਅਧਿਆਪਕ ਨੇ ਆਪਣੀ ਟਿੱਪਣੀ ਵਿੱਚ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਵੀ ਕੰਪਿਊਟਰ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਬਣਦੇ ਹੱਕ ਦਿੱਤੇ ਜਾਣ। ਆਪਣੀ ਪੋਸਟ ਉੱਪਰ ਕੰਪਿਊਟਰ ਅਧਿਆਪਕ ਦੀ ਟਿੱਪਣੀ ਪੜ੍ਹ ਕੇ ਸਿੱਖਿਆ ਮੰਤਰੀ ਜੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਅਧਿਆਪਕ ਦੀ ਟਿੱਪਣੀ ਦਾ ਤੁਰੰਤ ਜਵਾਬ ਦਿੰਦੇ ਹੋਏ ਲਿਖਿਆ “ਪ੍ਰੀਤ ਨਕੋਦਰ ਕੁਝ ਸ਼ਰਮ ਕਰੋ, ਕੁਝ ਲੋਕ ਵਿਦੇਸ਼ਾਂ ਵਿਚ ਫਸੇ ਹੋਏ ਹਨ, ਉਹ ਵੀ ਕਿਸੇ ਦੇ ਪੁੱਤਰ ਹਨ। ਤੁਸੀਂ ਆਪਣੀ ਸਮੱਸਿਆ ਮੈਨੂੰ ਈਮੇਲ ਰਾਹੀਂ ਭੇਜ ਸਕਦੇ ਹੋ, ਸਿਰਫ਼ ਨਾਨਸੈਂਸ ਹੀ ਕਰੀਏਟ ਕਰਨੀ ਹੈ। ਘੱਟੋ ਘੱਟ ਪੋਸਟ ਦੀ ਸੰਵੇਦਨਸ਼ੀਲਤਾ ਨੂੰ ਤਾਂ ਵੇਖ ਲਿਆ ਕਰੋ”। ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕ ਨੂੰ ਪਾਈ ਝਾੜ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਦੇ ਵਿਦੇਸ਼ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਯਤਨ ਸ਼ਲਾਘਾਯੋਗ ਹਨ ਪ੍ਰੰਤੂ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵਿਦੇਸ਼ਾਂ ਵਿੱਚ ਫਸੇ ਕਿਸੇ ਦੇ ਨੌਜਵਾਨ ਪੁੱਤਰ ਹਨ ਤਾਂ ਪੰਜਾਬ ‘ਚ ਨਿਗੂਣੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਅਤੇ ਪੁਲਿਸ ਦੇ ਡੰਡੇ ਖਾਂਦੇ ਅਧਿਆਪਕ ਵੀ ਕਿਸੇ ਦੇ ਧੀਆਂ-ਪੁੱਤਰ ਹਨ । ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਕੰਪਿਊਟਰ ਅਧਿਆਪਕ ਦੀ ਟਿੱਪਣੀ ਦਾ ਸਖ਼ਤ ਜਵਾਬ ਤਾਂ ਦੇ ਦਿੱਤਾ ਪ੍ਰੰਤੂ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਲਈ ਕੀਤਾ ਕੀ ਹੈ। ਅਧਿਆਪਕ ਆਗੂਆਂ ਨੇ ਇਹ ਵੀ ਕਿਹਾ ਕਿ ਸਿੱਖਿਆ ਮੰਤਰੀ ਦਾ ਇਹ ਕਹਿਣਾ ਕਿ “ਆਪਣੀ ਸਮੱਸਿਆ ਮੇਲ ਰਾਹੀਂ ਭੇਜੀ ਜਾ ਸਕਦੀ ਹੈ”, ਵੀ ਹਾਸੋਹੀਣੀ ਗੱਲ ਹੈ ਕਿਉਂਕਿ ਅਧਿਆਪਕ ਕਈ ਵਾਰ ਆਪਣੀ ਸਮੱਸਿਆ ਲੈ ਕੇ ਸਰਕਾਰ ਨੂੰ ਮਿਲ ਚੁੱਕੇ ਹਨ ਅਤੇ ਧਰਨੇ ਵੀ ਲਗਾ ਰਹੇ ਹਨ । ਜੇਕਰ ਅਜੇ ਵੀ ਸਿੱਖਿਆ ਮੰਤਰੀ ਨੂੰ ਕੰਪਿਊਟਰ ਅਧਿਆਪਕਾਂ ਦੀ ਸਮੱਸਿਆ ਦਾ ਪਤਾ ਨਹੀਂ ਲੱਗਿਆ ਤਾਂ ਸਿੱਖਿਆ ਮੰਤਰੀ ਨੂੰ ਅਹੁਦੇ ‘ਤੇ ਰਹਿਣ ਦਾ ਕੋਈ ਹੱਕ ਨਹੀਂ । ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਜਵਾਬ ‘ਤੇ ਕੁਝ ਅਧਿਆਪਕ ਟਿੱਪਣੀਆਂ ਕਰ ਰਹੇ ਹਨ ਅਤੇ ਅਧਿਆਪਕਾਂ ਦੀਆਂ ਟਿੱਪਣੀਆਂ ਉਪਰ ਆਮ ਆਦਮੀ ਪਾਰਟੀ ਵਲੰਟੀਅਰ ਟਿੱਪਣੀਆਂ ਕਰ ਰਹੇ ਹਨ । ਕੁੱਲ ਮਿਲਾ ਕੇ ਜ਼ਿਆਦਾਤਰ ਟਿੱਪਣੀਆਂ ਵਿੱਚ ਸਿੱਖਿਆ ਮੰਤਰੀ ਦੀ ਪੋਸਟ ਨੂੰ ਬੁਖਲਾਹਟ ਦਾ ਨਤੀਜਾ ਦੱਸਿਆ ਜਾ ਰਿਹਾ ਹੈ।
