ਬਰਨਾਲਾ 14 ਮਾਰਚ ( ਜੀ98 ਨਿਊਜ਼ ਸਰਵਿਸ)-ਇੱਕ ਨੌਜਵਾਨ ਲੜਕੀ ਵੱਲੋਂ ਆਪਣੇ ਹੀ ਜਨਮਦਾਤਿਆਂ ਨਾਲ ਨਿੰਦਣਯੋਗ ਕਾਰਾ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।ਬਠਿੰਡਾ ਸ਼ਹਿਰ ਦੇ ਹਰਦੇਵ ਨਗਰ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੇ ਹੀ ਪਿਤਾ ਦੇ ਘਰੋਂ 8 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਅਤੇ ਬਾਅਦ ਵਿੱਚ ਬਿਹਾਰ ਜਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਲੜਕੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਹਰਸ਼ਦੀਪ ਕੌਰ ਨੇ ਆਪਣੇ ਪ੍ਰੇਮੀ ਅਨਮੋਲ ਵਾਸੀ ਹਰਦੇਵ ਨਗਰ ਨਾਲ ਮਿਲ ਕੇ ਉਸ ਦੇ ਘਰ ਦੀ ਅਲਮਾਰੀ ‘ਚੋਂ 8 ਤੋਲੇ ਸੋਨਾ ਅਤੇ 60 ਹਜ਼ਾਰ ਦੀ ਨਕਦੀ 11-12 ਮਾਰਚ ਦੀ ਦਰਮਿਆਨੀ ਰਾਤ ਚੋਰੀ ਕਰਕੇ ਫਰਾਰ ਹੋ ਗਏ। ਆਪਣੇ ਹੀ ਘਰ ਚੋਰੀ ਕਰਨ ਤੋਂ ਬਾਅਦ ਲੜਕੀ ਆਪਣੇ ਪ੍ਰੇਮੀ ਅਨਮੋਲ ਨਾਲ ਬਿਹਾਰ ਚਲੀ ਗਈ ਅਤੇ ਉੱਥੇ ਉਸ ਨਾਲ ਵਿਆਹ ਕਰ ਲਿਆ। ਪਿਤਾ ਅਨੁਸਾਰ ਘਰ ‘ਚੋਂ ਚੋਰੀ ਹੋਏ ਗਹਿਣਿਆਂ ਦੀ ਕੀਮਤ ਕਰੀਬ 4 ਲੱਖ 60 ਹਜ਼ਾਰ ਰੁਪਏ ਹੈ। ਪੁਲੀਸ ਨੇ ਮੁਲਜ਼ਮ ਲੜਕੀ ਹਰਸ਼ਦੀਪ ਕੌਰ ਅਤੇ ਉਸ ਦੇ ਪ੍ਰੇਮੀ ਅਨਮੋਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
