ਮਹਿਲ ਕਲਾਂ 16 ਮਾਰਚ ( ਜਸਵੰਤ ਸਿੰਘ ਲਾਲੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਪਟਿਆਲਾ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਡਿੰਪਲ (32ਸਾਲ) ਪੁੱਤਰ ਸਰਬਜੀਤ ਸਿੰਘ ਦੀ ਬਰੈਪਟਨ (ਕੈਨੇਡਾ) ‘ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਰੀਬ ਤਿੰਨ ਸਾਲ ਪਹਿਲਾ ਗੁਰਪ੍ਰੀਤ ਸਿੰਘ ਨੂੰ ਰੋਜੀ ਰੋਟੀ ਕਮਾਉਣ ਦੇ ਲਈ ਆਪਣੀ ਡੇਢ ਏਕੜ ਜਮੀਨ ਵੇਚ ਕੇ ਕੈਨੇਡਾ ਵਿਖੇ ਭੇਜਿਆ ਸੀ। ਲੰਘੀ 11 ਮਾਰਚ ਨੂੰ ਅਚਾਨਕ ਬਿਮਾਰ ਹੋਣ ‘ਤੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ 14 ਮਾਰਚ ਨੂੰ ਉਸ ਦੇ ਦੋਸਤਾਂ ਨੇ ਉਸ ਦੀ ਮੌਤ ਦੀ ਖ਼ਬਰ ਫੋਨ ‘ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਗੁਰਪ੍ਰੀਤ ਸਿੰਘ ਦੇ ਸਿਰ ‘ਤੇ ਹੀ ਚਲਦਾ ਸੀ, ਉਸ ਦੀ ਮੌਤ ਦੇ ਨਾਲ ਸਾਡੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਜਿਸ ਕਰਕੇ ਅਸੀ ਉਸ ਦੀ ਮ੍ਰਿਤਕ ਦੇਹ ਵੀ ਭਾਰਤ ਲਿਆਉਣ ਤੋਂ ਅਸਮਰਥ ਹਾਂ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ‘ਚ ਮਦਦ ਕਰੇ। ਇਸ ਮੌਕੇ ਸਤਨਾਮ ਸਿੰਘ ਰਾਏਸਰ, ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੈਨੇਡੀਅਨ, ਨੰਬਰਦਾਰ ਅਮਰਜੀਤ ਸਿੰਘ, ਪਿ੍ਰਥੀਪਾਲ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ ਭਾਰਤ ਲਿਆਉਣ ਲਈ ਢੁਕਵੇਂ ਕਦਮ ਚੁੱਕੇ।








