Skip to main content

Gee 98News

ਰਾਜ ਯੁਵਾ ਪੁਰਸਕਾਰ : ਸਰੇਬਜ਼ਾਰ ਕੀਤੇ ਐਲਾਨ ਤੋਂ ਮੁੱਕਰ ਗਏ ਮੁੱਖ ਮੰਤਰੀ…!

-ਹਰੇਕ ਜ਼ਿਲ੍ਹੇ ਵਿਚ ਦੋ-ਦੋ ਪੁਰਸਕਾਰ ਦੇਣ ਦਾ ਕੀਤਾ ਐਲਾਨ ਪਰ….!

ਬਰਨਾਲਾ 23 ਮਾਰਚ (ਨਿਰਮਲ ਸਿੰਘ ਪੰਡੋਰੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪ੍ਰਤੀ ਨੌਜਵਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ।‌ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਵੱਲੋਂ ਇਹ ਪੁਰਸਕਾਰ ਕਈ ਸਾਲਾਂ ਤੋਂ ਨਾ ਦੇਣ ਦੀ ਆਲੋਚਨਾ ਕਰਦੇ ਹੋਏ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਇਹ ਪੁਰਸਕਾਰ ਮੁੜ ਸ਼ੁਰੂ ਕਰੇਗੀ ਅਤੇ ਇਸ ਵਾਰ ਹਰ ਇਕ ਜ਼ਿਲ੍ਹੇ ਵਿੱਚੋਂ ਦੋ-ਦੋ ਨੌਜਵਾਨਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਮੁਤਾਬਕ ਇਸ ਵਾਰ ਪੰਜਾਬ ਦੇ 46 ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਐਵਾਰਡ ਦਿੱਤਾ ਜਾਣਾ ਸੀ ‌। ਸਰਕਾਰ ਨੇ ਪਹਿਲਾਂ ਤੋਂ ਬਣੇ ਨਿਯਮਾਂ ਤਹਿਤ ਜ਼ਿਲ੍ਹਾ ਪੱਧਰ ‘ਤੇ ਇਸ ਪੁਰਸਕਾਰ ਲਈ ਨੌਜਵਾਨ ਮੁੰਡੇ ਕੁੜੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ । ਜ਼ਿਲ੍ਹਾ ਪੱਧਰ ‘ਤੇ ਪਹੁੰਚੀਆਂ 5 ਅਰਜ਼ੀਆਂ ਵਿੱਚੋ ਜ਼ਿਲ੍ਹਾ ਪੱਧਰੀ ਕਮੇਟੀ ਨੇ ਦੋ ਨਾਵਾਂ ਦੀ ਸੂਚੀ ਵਿਭਾਗ ਨੂੰ ਭੇਜ ਦਿੱਤੀ । ਜਿਸ ਤੋਂ ਬਾਅਦ ਸੂਬਾ ਪੱਧਰ ‘ਤੇ 29 ਯੋਗ ਨੌਜਵਾਨ ਮੁੰਡੇ ਕੁੜੀਆਂ ਦੀ ਸੂਚੀ ਤਿਆਰ ਕੀਤੀ ਗਈ ।‌ ਸਰਕਾਰ ਵੱਲੋਂ ਪੁਰਸਕਾਰ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ 29 ਨੌਜਵਾਨਾਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾ ਲਈ ਗਈ ਪ੍ਰੰਤੂ ਅਚਾਨਕ ਸਰਕਾਰ ਨੇ ਆਪਣਾ ਫੈਸਲਾ ਬਦਲਦੇ ਹੋਏ ਇਨ੍ਹਾਂ 29 ਨੌਜਵਾਨਾਂ ਵਿੱਚੋਂ 23 ਦੇ ਨਾਮ ‘ਤੇ ਕਾਟਾ ਮਾਰ ਦਿੱਤਾ ਅਤੇ ਸਿਰਫ਼ 6 ਨੌਜਵਾਨਾਂ ਨੂੰ ਹੀ ਰਾਜ ਪੁਰਸਕਾਰ ਦਿੱਤਾ। ਸਰਕਾਰ ਦੇ ਇਸ ਫੈਸਲੇ ਸਬੰਧੀ ਪਤਾ ਲੱਗਣ ‘ਤੇ 29 ਨੌਜਵਾਨਾਂ ਦੀ ਸੂਚੀ ਵਿਚੋਂ ਲਗਭਗ 15 ਕੁ ਨੌਜਵਾਨ ਮੁੰਡੇ ਕੁੜੀਆਂ ਨੇ 22 ਮਾਰਚ ਨੂੰ ਚੰਡੀਗੜ੍ਹ ਪੁੱਜ ਕੇ ਵਿਭਾਗ ਦੇ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕੈਬਨਿਟ ਮੰਤਰੀ ਨੂੰ ਨਹੀਂ ਮਿਲ ਸਕੇ । ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਇਹ ਨੌਜਵਾਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਜਿਨ੍ਹਾਂ ਨੇ ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ, ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਇਹ ਨੌਜਵਾਨ ਵਾਪਸ ਮੁੜ ਆਏ । ਪਤਾ ਲੱਗਿਆ ਹੈ ਕਿ ਰਾਜ ਪੁਰਸਕਾਰ ਦੇਣ ਦੇ ਮਾਮਲੇ ਵਿੱਚ ਉਨ੍ਹਾਂ ਨੌਜਵਾਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਜਿਨ੍ਹਾਂ ਨੂੰ ਇਹ ਐਵਾਰਡ ਦੇਣਾ ਹੁੰਦਾ ਹੈ ।‌ ਸਵਾਲ ਉੱਠਦਾ ਹੈ ਕਿ ਜੇਕਰ ਸਰਕਾਰ ਨੇ ਕੁਝ ਨੌਜਵਾਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਆਖਿਰੀ ਸੂਚੀ ਤਿਆਰ ਕਰ ਲਈ ਸੀ ਤਾਂ ਉਸ ਸੂਚੀ ਵਿਚੋਂ 23 ਨੌਜਵਾਨਾਂ ਦਾ ਨਾਮ ਕਿਉਂ ਕੱਟਿਆ ਗਿਆ ।‌ ਸੂਚੀ ਵਿਚੋਂ ਨਾਮ ਕੱਟੇ ਜਾਣ ਵਾਲੇ ਉਮੀਦਵਾਰ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ । ਸੂਤਰਾਂ ਅਨੁਸਾਰ ਇਹਨਾਂ ਨੌਜਵਾਨਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਇੱਕ ਕੁੜੀ ਨੂੰ ਤਾਂ ਜ਼ਿਲ੍ਹਾ ਹੈਡਕਵਾਟਰ ਤੋਂ “ਬਲੇਜ਼ਰ ਦਾ ਕੱਪੜਾ” ਲੈਣ ਦਾ ਸੁਨੇਹਾ ਵੀ ਲੱਗ ਚੁੱਕਾ ਸੀ ਪ੍ਰੰਤੂ ਕੁਝ ਸਮੇਂ ਬਾਅਦ ਉਸ ਨੂੰ ਦੁਬਾਰਾ ਸੁਨੇਹਾ ਲਗਾਇਆ ਗਿਆ ਹੈ ਕੇ ਤੁਹਾਡਾ ਬਲੇਜ਼ਰ ਨਹੀਂ ਆਇਆ । ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦੇ ਮਾਮਲੇ ਵਿੱਚ ਅਚਾਨਕ ਕੀਤਾ ਗਿਆ ਇਹ ਫੈਸਲਾ ਹੈਰਾਨੀਜਨਕ ਹੈ ਇਸ ਨਾਲ ਨੌਜਵਾਨਾਂ ਦੇ ਹੌਸਲੇ ਪਸਤ ਹੋਏ ਹਨ ।‌ ਮੁੱਖ ਮੰਤਰੀ ਨੇ ਐਲਾਨ ਤਾਂ ਕੀਤਾ ਸੀ ਕਿ ਹਰ ਜ਼ਿਲ੍ਹੇ ਵਿਚੋਂ ਦੋ ਨੌਜਵਾਨਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ ਪ੍ਰੰਤੂ ਜਦੋਂ ਦਿੱਤਾ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਘੱਟ ਗਿਣਤੀ ਵਿੱਚ ਦਿੱਤਾ । ਨੌਜਵਾਨਾਂ ਵਿਚ ਨਿਰਾਸ਼ਤਾ ਵੀ ਇਸੇ ਕਰਕੇ ਹੈ ਕਿ ਜੇਕਰ ਸਾਰੇ ਸੂਬੇ ਵਿਚੋਂ ਸਿਰਫ਼ 6 ਪੁਰਸਕਾਰ ਹੀ ਦੇਣੇ ਸਨ ਤਾਂ ਇੱਕ ਜ਼ਿਲ੍ਹੇ ਵਿੱਚੋਂ ਦੋ-ਦੋ ਨੌਜਵਾਨਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਮੁੱਖ ਮੰਤਰੀ ਮੰਤਰੀ ਨੂੰ ਕਰਨ ਦੀ ਲੋੜ ਨਹੀਂ ਸੀ ।

error: Content is protected !!