Gee 98News

ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਅਕਸ ਨੂੰ ਪ੍ਰਭਾਵਿਤ ਕਰੇਗਾ ਜਲੰਧਰ ਦਾ ਚੋਣ ਨਤੀਜਾ…!

ਬਰਨਾਲਾ 13 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਲਈ ਮੈਦਾਨ ਭਖ ਚੁੱਕਾ ਹੈ । ਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ । ਜਲੰਧਰ ਉਪ ਚੋਣ ਦੇ ਸੰਦਰਭ ਵਿਚ ਜੇਕਰ ਗੱਲ ਕਰੀਏ ਤਾਂ ਕਾਂਗਰਸ ਆਪਣੀ ਸੀਟ ਬਰਕਰਾਰ ਰੱਖਣ ਲਈ ਜ਼ੋਰ ਲਗਾ ਦੇਵੇਗੀ, ਉਥੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ ਦੇ ਅਨੁਕੂਲ ਕਾਂਗਰਸ ਦੀ ਚੋਣ-ਰਣਨੀਤੀ ਏਸ ਬਿੰਦੂ ਉਤੇ ਹੀ ਆਧਾਰਤ ਹੋਵੇਗੀ ਕਿ ਉਸ ਕੋਲ ਆਪਣੀ ਸਿਆਸੀ ਹੋਂਦ ਸਿੱਧ ਕਰਨ ਦਾ ਇਹ ਅਹਿਮ ਮੌਕਾ ਹੈ। ਚੌਧਰੀ ਪਰਿਵਾਰ ਦੇ ਨਾਮ ‘ਤੇ ਪਾਰਟੀ ਦੀ ਇੱਕਜੁਟਤਾ ਦਾ ਕਾਂਗਰਸ ਨੂੰ ਯਕੀਨੀ ਤੌਰ ‘ਤੇ ਲਾਭ ਮਿਲੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਸੰਗਰੂਰ ਉਪ ਚੋਣ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਰਾਜਨੀਤੀ ‘ਚ ਪੈਰ ਟਿਕਾਉਣ ਲਈ ਯਤਨਸ਼ੀਲ ਹੈ । ਜਲੰਧਰ ਉਪ ਚੋਣ ਲਈ ਉਮੀਦਵਾਰ ਦੇ ਫੈਸਲੇ ਨੂੰ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਰਣਨੀਤਕ ਮੰਨਿਆ ਜਾ ਰਿਹਾ ਹੈ ।‌ ਪਾਰਟੀ ਤੋਂ ਹਟ ਕੇ ਵੀ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਦਾ ਆਪਣਾ ਆਧਾਰ ਹੈ ਅਤੇ ਉਨ੍ਹਾਂ ਦਾ ਅਕਸ ਵੀ ਸਾਫ਼-ਸੁਥਰਾ ਹੈ ਜਿਸ ਦਾ ਲਾਹਾ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਮਿਲੇਗਾ । ਉਮੀਦਵਾਰ ਦੀ ਚੋਣ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਨੇ ਇਕ ਦਲਬਦਲੂ ਉੱਪਰ ਜੂਆ ਖੇਡਿਆ ਹੈ, ਜਿਸ ਦੀ ਚਰਚਾ ਪਾਰਟੀ ਪਲੇਟਫਾਰਮ ‘ਤੇ ਵੀ ਹੋ ਰਹੀ ਹੈ ।‌ ਆਪਣੇ ਨਿੱਜੀ ਹਲਕਾ ਸੰਗਰੂਰ ਦੀ ਉਪ ਚੋਣ ਹਾਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਉਪ ਚੋਣ ਹਰ ਹਾਲਤ ਵਿੱਚ ਜਿੱਤਣ ਚਾਹੁਣਗੇ। ਜਲੰਧਰ ਉਪ ਚੋਣ ਦੀ ਜਿੱਤ ਪਾਰਟੀ ਦੇ ਦਾਅਵਿਆਂ ਨੂੰ ਖੰਭ ਲਗਾਏਗੀ ਪ੍ਰੰਤੂ ਜੇਕਰ ਨਤੀਜਾ ਪਾਰਟੀ ਦੇ ਉਲਟ ਆਇਆ ਤਾਂ ਇਹ ਭਗਵੰਤ ਮਾਨ ਦੇ ਸਿਆਸੀ ਅਕਸ ਨੂੰ ਪੂਰਾ ਪ੍ਰਭਾਵਿਤ ਕਰੇਗਾ। ਜੇਕਰ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਚੋਣ ਪ੍ਰਚਾਰ ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਸੰਗਰੂਰ ਉਪ ਚੋਣ ‘ਚ ਹਾਰ ਮਿਲਣ ਤੋਂ ਬਾਅਦ ਪਾਰਟੀ ਪਾਣੀ ਵੀ ਫੂਕਾਂ ਮਾਰ ਮਾਰ ਪੀਵੇਗੀ । ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਦੇ ਖ਼ਿਲਾਫ਼ ਕੀਤੀ ਪੁਲਿਸ ਕਾਰਵਾਈ ਤੋਂ ਪੈਦਾ ਹੋਏ ਹਲਾਤ ਵੀ ਚੋਣ ਸਮੀਕਰਨਾਂ ਨੂੰ ਪ੍ਰਭਾਵਿਤ ਕਰਨਗੇ । ਭਾਜਪਾ ਨੇ ਅਕਾਲੀ ਦਲ ਦੇ ਟਕਸਾਲੀ ਆਗੂ ਨੂੰ ਉਮੀਦਵਾਰ ਬਣਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਹੈ । ਭਾਜਪਾ ਇਹ ਚੋਣ ਹਲਕੇ ਵਿੱਚ ਆਪਣਾ ਸਿਆਸੀ ਅਧਾਰ ਮਜ਼ਬੂਤ ਕਰਨ ਦੀ ਰਣਨੀਤੀ ਤਹਿਤ ਹੀ ਲੜੇਗੀ । ਜਲੰਧਰ ਉਪ ਚੋਣ ਦੇ ਨਤੀਜੇ ਸਬੰਧੀ ਅਜੇ ਕੋਈ ਭਵਿੱਖਬਾਣੀ ਕਰਨਾ ਪਾਣੀ ਵਿੱਚ ਡਾਂਗਾਂ ਮਾਰਨ ਦੇ ਬਰਾਬਰ ਹੀ ਹੈ, ਅਜੇ ਤਾਂ ਤੇਲ ਦੇਖੋ ਤੇਲ ਦੀ ਧਾਰ ਦੇਖੋ..!

error: Content is protected !!