Skip to main content

Gee 98News

ਪਿੰਡ ਦੀ ਨੰਬਰਦਾਰੀ ਦਿਵਾਉਣ ਬਦਲੇ ਵੀ “ਆਪ” ਵਿਧਾਇਕ ਨੇ ਲਏ ਸੀ ਢਾਈ ਲੱਖ ਰੁਪਏ

-ਵਿਜੀਲੈਂਸ ਨੇ ਵਿਧਾਇਕ ਕੋਟਫੱਤਾ ਤੇ ਪੀਏ ਖ਼ਿਲਾਫ਼ ਚਲਾਨ ਕੀਤਾ ਪੇਸ਼

ਚੰਡੀਗੜ੍ਹ 19 ਅਪ੍ਰੈਲ ( ਜੀ98 ਨਿਊਜ਼ ਸਰਵਿਸ)-ਇੱਕ ਪਿੰਡ ਦੇ ਸਰਪੰਚ ਨੂੰ ਗਰਾਂਟ ਜਾਰੀ ਕਰਨ ਬਦਲੇ ਰਿਸ਼ਵਤ ਲੈਣ ਵਾਲੇ ਵਿਧਾਇਕ ਅਮਿਤ ਰਤਨ ਅਤੇ ਉਸਦੇ ਪੀਏ ਰਿਸ਼ਮ ਗਰਗ ਦੇ ਖਿਲਾਫ਼ ਵਿਜੀਲੈਂਸ ਨੇ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ ਹੈ । ਵਿਜੀਲੈਂਸ ਵੱਲੋਂ ਇਹ ਚਾਲਾਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਪੇਸ਼ ਕੀਤਾ ਗਿਆ ਹੈ । ਵਿਧਾਇਕ ਕੋਟਫੱਤਾ ਤੇ ਪੀਏ ਨੂੰ ਵਿਜੀਲੈਂਸ ਨੇ ਜਾਲ ਵਿਛਾ ਕੇ ਕਰੀਬ 2 ਮਹੀਨੇ ਪਹਿਲਾਂ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ । ਪੀਏ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਉਸ ਨੇ ਇਹ ਰਿਸ਼ਵਤ ਵਿਧਾਇਕ ਦੇ ਨਾਮ ‘ਤੇ ਲਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਕਤ ਮਾਮਲੇ ਵਿਚ ਵਿਧਾਇਕ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ । ਇਹ ਮਾਮਲਾ ਬਠਿੰਡਾ ਜ਼ਿਲੇ ਦੇ ਪਿੰਡ ਘੁੱਦਾ ਨਾਲ ਸਬੰਧਤ ਹੈ ਜਿਸਦੇ ਸਰਪੰਚ ਤੋਂ ਵਿਧਾਇਕ ਨੇ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਬਦਲੇ ਰਿਸ਼ਵਤ ਮੰਗੀ ਸੀ ਅਤੇ ਸਰਪੰਚ ਨੇ ਵਿਧਾਇਕ ਦੇ ਕਹਿਣ ‘ਤੇ ਇਹ ਰਿਸ਼ਵਤ ਦੀ ਰਕਮ ਉਨ੍ਹਾਂ ਦੇ ਪੀਏ ਨੂੰ ਦਿੱਤੀ ਸੀ। ਸਰਪੰਚਣੀ ਦੇ ਪਤੀ ਵੱਲੋਂ ਉਕਤ ਮਾਮਲੇ ਸਬੰਧੀ ਵਿਜੀਲੈਂਸ ਨੂੰ ਪਹਿਲਾਂ ਸੂਚਿਤ ਕੀਤਾ ਹੋਇਆ ਸੀ ਜਿਸਤੋਂ ਬਾਅਦ ਮੌਕੇ ‘ਤੇ ਹੀ ਵਿਜੀਲੈਂਸ ਬਿਊਰੋ ਨੇ ਰੰਗੇ-ਹੱਥੀਂ ਕਾਬੂ ਕੀਤਾ ਸੀ । ਵਿਜੀਲੈਂਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਿਧਾਇਕ ਦੇ ਪੀ ਏ ਨੇ ਪਿੰਡ ਘੁੱਦਾ ਦੇ ਹੀ ਇਕ ਵਿਅਕਤੀ ਗੁਰਦਾਸ ਸਿੰਘ ਤੋਂ ਨੰਬਰਦਾਰੀ ਦੇ ਬਦਲੇ ਢਾਈ ਲੱਖ ਰੁਪਏ ਰਿਸ਼ਵਤ ਲਈ ਸੀ, ਇਸ ਮਾਮਲੇ ਵਿੱਚ ਵੀ ਤੱਥਾਂ ਦੇ ਅਧਾਰ ‘ਤੇ ਵਿਜੀਲੈਸ ਨੇ ਵਿਧਾਇਕ ਨੂੰ ਨਾਮਜ਼ਦ ਕੀਤਾ ਸੀ। ਵਿਧਾਇਕ ਅਮਿਤ ਰਤਨ ਅਤੇ ਉਸਦਾ ਪੀਏ ਰਿਸ਼ਮ ਗਰਗ ਜੁਡੀਸ਼ੀਅਲ ਹਿਰਾਸਤ ‘ਤੇ ਜੇਲ੍ਹ ਵਿੱਚ ਹਨ।। ਵਿਜੀਲੈਂਸ ਬੁਲਾਰੇ ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।
ਫੋਟੋ ਕੈਪਸ਼ਨ-ਵਿਧਾਇਕ ਕੋਟਫੱਤਾ ਅਤੇ ਪੀਏ ਰਿਸ਼ਮ ਗਰਗ

error: Content is protected !!