-ਖੁਦ ਜਾਂਚ ਅਧਿਕਾਰੀ ਨੇ ਹੀ ਫਾਈਲਾਂ ਗੁੰਮ ਹੋਣ ਦੀ ਗੱਲ ਆਖੀ
ਚੰਡੀਗੜ੍ਹ-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦਿੱਲੀ ਰਿਹਾਇਸ਼ ਦੀ ਮੁਰੰਮਤ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੀ ਮੁਰੰਮਤ ਸੰਬੰਧੀ ਭ੍ਰਿਸ਼ਟਾਚਾਰ ਮਾਮਲੇ ਨਾਲ ਸਬੰਧਤ ਫਾਈਲਾਂ ਜਾਂਚ ਅਧਿਕਾਰੀ ਦੇ ਕਮਰੇ ਵਿੱਚੋਂ ਗੁੰਮ ਹੋ ਗਈਆਂ ਹਨ । ਜਾਂਚ ਅਧਿਕਾਰੀ YVVJ ਰਾਜਸ਼ੇਖਰ ਨੇ ਫਾਈਲਾਂ ਗੁੰਮ ਹੋਣ ਦਾ ਦੋਸ਼ ਵੀ ਸਿੱਧੇ ਤੌਰ ‘ਤੇ ਦਿੱਲੀ ਸਰਕਾਰ ਉਪਰ ਹੀ ਲਗਾਇਆ ਹੈ । ਜਾਂਚ ਅਧਿਕਾਰੀ ਨੇ ਦਿੱਲੀ ਪੁਲਿਸ, ਉਪ ਰਾਜਪਾਲ ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੰਗਲਵਾਰ ਸਵੇਰੇ ਤਿੰਨ ਵਜੇ ਉਨ੍ਹਾਂ ਦਾ ਕਮਰਾ ਖੁੱਲਾ ਸੀ ਅਤੇ ਕਮਰੇ ਵਿਚੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਮੁਰੰਮਤ ਨਾਲ ਸਬੰਧਤ ਅਤੇ ਦਿੱਲੀ ਦੇ ਸ਼ਰਾਬ ਘੁਟਾਲੇ ਨਾਲ ਸਬੰਧਿਤ 67 ਬਹੁਤ ਹੀ ਸੰਵੇਦਨਸ਼ੀਲ ਦਸਤਾਵੇਜ਼ ਗ਼ਾਇਬ ਸਨ । ਜਾਂਚ ਅਧਿਕਾਰੀ ਰਾਜਸ਼ੇਖਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਇਲਜ਼ਾਮ ਵੀ ਲਗਾਇਆ ਕਿ ਗੁਪਤਤਾ ਦੀ ਉਲੰਘਣਾ ਅਤੇ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ । ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਕਮਰੇ ‘ਚ ਜਾਸੂਸੀ ਉਪਕਰਣ ਵੀ ਲੱਗੇ ਹੋ ਸਕਦੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਮਰੇ ਵਿਚੋਂ ਸ਼ਰਾਬ ਘੁਟਾਲੇ ਨਾਲ ਸਬੰਧਿਤ ਅਤੇ ਮੁੱਖ ਮੰਤਰੀ ਨਿਵਾਸ ਰਿਹਾਇਸ਼ ਦੀਆਂ ਟੈਂਡਰ ਫਾਈਲਾਂ ਗੁੰਮ ਹਨ ਅਤੇ ਮੁੱਖ ਮੰਤਰੀ ਨਿਵਾਸ ਦਾ ਮੁਆਇਨਾ ਕਰਨ ਆਏ ਲੋਕਾਂ ਦੀਆਂ ਤਸਵੀਰਾਂ ਵੀ ਗਾਇਬ ਹਨ । ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁੰਮ ਹੋਈਆਂ ਕੁਝ ਪਹਿਲਾਂ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨਾਲ ਸਬੰਧਿਤ ਹਨ ਜੇਕਰ ਉਹ ਨਹੀਂ ਮਿਲਦੀਆਂ ਤਾਂ ਇਹ ਕੇਸ ਵੀ ਪ੍ਰਭਾਵਿਤ ਹੋ ਸਕਦੇ ਹਨ ।







