Gee 98News

“ਤੱਕੜੀ ਵਾਲਿਆਂ” ਨੂੰ ਜ਼ਿਲ੍ਹਾ ਜਥੇਦਾਰ ਦੀ ਭਾਲ,ਸਿਆਸੀ ਮਸ਼ਕਾਂ ਸ਼ੁਰੂ

-ਦੋ ਵਕੀਲਾਂ ‘ਚ ਫਾਈਨਲ ਮੈਚ ਫਸੇ ਹੋਣ ਦੀ ਚਰਚਾ

ਬਰਨਾਲਾ 9 ਜੂਨ ( ਨਿਰਮਲ ਸਿੰਘ ਪੰਡੋਰੀ )-

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਦੀ ਚੋਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ,ਜਲਦੀ ਹੀ ਬਰਨਾਲਾ ਜ਼ਿਲ੍ਹੇ ਲਈ ਪਾਰਟੀ ਵੱਲੋਂ ਨਵਾਂ ਕਮਾਂਡਰ ਨਿਯੁਕਤ ਕਰ ਦਿੱਤਾ ਜਾਵੇਗਾ । ਪਾਰਟੀ ਵੱਲੋਂ ਜ਼ਿਲ੍ਹਾ ਅਬਜ਼ਰਵਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਇਸ ਮਾਮਲੇ ‘ਚ ਹਲਕਾ ਭਦੌੜ, ਮਹਿਲ ਕਲਾਂ ਅਤੇ ਬਰਨਾਲਾ ਵਿਖੇ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ । ਇਨ੍ਹਾਂ ਮੀਟਿੰਗਾਂ ਵਿੱਚ ‌ਜਿਲਾ ਅਬਜ਼ਰਵਰ ਨੇ ਸਥਾਨਕ ਆਗੂਆਂ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਆਗੂ ਦੇ ਹੱਥ ਜ਼ਿਲ੍ਹੇ ਦੀ ਵਾਗਡੋਰ ਦਿੱਤੀ ਜਾਵੇ। ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਹੁਣ ਤੱਕ ਕੀਤੀਆਂ ਸਿਆਸੀ ਮਸ਼ਕਾਂ ਦੇ ਨਤੀਜੇ ਵਜੋਂ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਸਤਨਾਮ ਸਿੰਘ ਰਾਹੀ, ਪਰਮਜੀਤ ਸਿੰਘ ਖਾਲਸਾ ਆਪੇ ਬਾਬਾ ਟੇਕ ਸਿੰਘ ਧਨੌਲਾ ਦੇ ਨਾਮ ਉਭਰ ਕੇ ਸਾਹਮਣੇ ਆਏ ਹਨ । ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨਗੀ ਅਹੁਦੇ ਲਈ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਅਤੇ ਐਡਵੋਕੇਟ ਸਤਨਾਮ ਸਿੰਘ ਰਾਹੀ ਵਿਚਕਾਰ ਫਾਈਨਲ ਮੈਚ ਫਸਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਐਡਵੋਕੇਟ ਸੰਧੂ ਦੇ ਪੁਆਇੰਟ ਜ਼ਿਆਦਾ ਦੱਸੇ ਜਾ ਰਹੇ ਹਨ । ਪਾਰਟੀ ਦੇ ਵੱਡੇ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਤਾਨਾਸ਼ਾਹੀ ਦੇ ਦੋਸ਼ ਲਗਾ ਕੇ “ਤੱਕੜੀ” ਚੋਂ ਛਾਲਾਂ ਮਾਰਨ ਤੋਂ ਬਾਅਦ, ਜੋ ਸਿਆਸੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਵਿੱਚ ਬਣੇ ਹੋਏ ਹਨ ਉਨ੍ਹਾਂ ਦੇ ਮੱਦੇਨਜ਼ਰ ਸਰਦਾਰ ਬਾਦਲ ਪਾਰਟੀ ਦੇ ਜੱਥੇਬੰਦਕ ਢਾਂਚੇ ਦੀ ਚੋਣ ਦੇ ਮਾਮਲੇ ‘ਚ “ਪਾਣੀ ਵੀ ਫੂਕਾਂ ਮਾਰ-ਮਾਰ” ਕੇ ਪੀ ਰਹੇ ਹਨ । ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦੀ ਨਿਯੁਕਤੀ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ । ਅਤੀਤ ‌’ਚ ਸ਼੍ਰੋਮਣੀ ਅਕਾਲੀ ਦਲ ਨੇ ਮਾਣਮੱਤੀਆਂ ਅਹੁਦੇਦਾਰੀਆਂ ਵੱਡੇ ਘਰਾਂ ਦੇ “ਕਾਕਿਆਂ” ਨੂੰ ਹੀ ਦਿੱਤੀਆਂ ਜਿਹੜੇ ਵਿਦੇਸ਼ਾਂ ਚੋਂ ਪੜ੍ਹਕੇ ਆਏ ਸਨ ਅਤੇ ਪੇਂਡੂ ਸਭਿਆਚਾਰ ਤੋਂ ਬਿਲਕੁਲ ਅਣਜਾਣ ਸਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਆਦਾਤਰ ਪਕੜ ਪੇਂਡੂ ਖੇਤਰ ਵਿੱਚ ਹੀ ਰਹੀ ਹੈ । ਇਨ੍ਹਾਂ ਵੱਡੇ ਘਰਾਂ ਦੇ ਕਾਕਿਆਂ ਨੇ ਹੇਠਲੇ ਪੱਧਰ ‘ਤੇ ਅਹੁਦੇਦਾਰੀਆਂ ਦੇਣ ਸਮੇਂ ਅਮੀਰੀ ਕਲਚਰ ਨੂੰ ਹੀ ਮੁੱਖ ਰੱਖਿਆ। ਪਾਰਟੀ ਅਹੁਦੇਦਾਰਾਂ ਦੀ‌ ਚੋਣ ਸਮੇਂ ਟਕਸਾਲੀ ਵਰਕਰਾਂ ਅਤੇ ਆਗੂਆਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਅਤੇ ਇਸ ਸਬੰਧੀ ਜਿੰਨਾਂ ਵੀ ਵਰਕਰਾਂ ਤੇ ਆਗੂਆਂ ਨੇ ਕੋਈ ਇਤਰਾਜ਼ ਪ੍ਰਗਟ ਕੀਤਾ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹਨਾਂ ਹਾਲਾਤਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਸਮਝੇ ਜਾਣ ਵਾਲੇ ਪੇਂਡੂ ਖੇਤਰ ਦੇ ਵਰਕਰਾਂ ਤੇ ਆਗੂਆਂ ਨੇ ਲੰਘੀਆਂ ਚੋਣਾਂ ਵਿੱਚ ਦੱਬਕੇ ਝਾੜੂ ਫੇਰਿਆ ਸੀ, ਜਿਸ ਨਾਲ ਵਿਦੇਸ਼ੀ ਕਲਚਰ ਵਿੱਚ ਪਲੇ ਵੱਡੇ ਘਰਾਂ ਦੇ ਕਾਕਿਆਂ ਦੀਆਂ ਅਹੁਦੇਦਾਰੀਆਂ ਵੀ ਹੂੰਝੀਆਂ ਗਈਆਂ । ਕੁੱਲ ਮਿਲਾ ਕੇ ਹਾਲਾਤ ਇਥੋਂ ਤੱਕ ਬਣ ਚੁੱਕੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਕਿਸੇ ਦੀ ਗੱਲ ‘ਤੇ ਕੰਨ ਨਹੀਂ ਧਰਦਾ ਸੀ, ਉਹੀ ਬਾਦਲ ਸਾਬ੍ਹ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਮਾਮਲੇ ‘ਚ ਕੱਲੇ-ਕੱਲੇ ਵਰਕਰ ਤੋਂ ਫੀਡਬੈਕ ਲੈ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਦੇ ਹੁਣ ਤੱਕ ਦੇ ਸਭ ਤੋਂ ਮਾੜੇ ਸਿਆਸੀ ਹਾਲਾਤਾਂ ਵਿੱਚ ਪੁੱਜਣ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਏ ਇਸ ਪੁਰਾਣੇ ਕਲਚਰ ਨੂੰ ਵਰਕਰ ਅਤੇ ਆਗੂ ਚੰਗਾ ਮੰਨ ਰਹੇ ਹਨ।

Gee98 Ads
error: Content is protected !!