Gee 98News

ਡੱਲੇਵਾਲ ਨੂੰ ਛੱਡ ਕੇ ਮਨਜੀਤ ਧਨੇਰ ਦੀ ਅਗਵਾਈ ‘ਚ ਚੱਲੇ 31 ਪਿੰਡਾਂ ਦੇ ਸੈਂਕੜੇ ਕਿਸਾਨ

ਚੰਡੀਗੜ੍ਹ, 11 ਜੂਨ-ਬੀਕੇਯੂ ਡੱਲੇਵਾਲ ਧੜੇ ਦਾ ਸਾਥ ਛੱਡ ਕੇ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ‘ਚ ਸ਼ਾਮਲ ਹੋ ਕੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਚੱਲਣ ਦਾ ਫੈਸਲਾ ਕੀਤਾ । ਮਾਨਸਾ ਦੀ ਬਾਹਰਲੀ ਦਾਣਾ ਮੰਡੀ ਵਿੱਚ ਮਨਜੀਤ ਧਨੇਰ ਦੀ ਅਗਵਾਈ ਹੇਠ ਹੋਏ ਇੱਕ ਵਿਸ਼ਾਲ ਇਕੱਠ ਵਿੱਚ ਬੀਕੇਯੂ ਡੱਲੇਵਾਲ ਧੜੇ ਦੀਆਂ 31 ਪਿੰਡਾਂ ਦੀਆਂ ਇਕਾਈਆਂ ਨੇ ਆਪਣੇ ਬਲਾਕ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਮੱਖਣ ਸਿੰਘ ਭੈਣੀਬਾਘਾ ਅਤੇ ਨੌਜਵਾਨ ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਹੇਠ ਏਕਤਾ ਡਕੌਂਦਾ ਗਰੁੱਪ ਨਾਲ ਚੱਲਣ ਦਾ ਫ਼ੈਸਲਾ ਲਿਆ । ਡੱਲੇਵਾਲ ਦਾ ਸਾਥ ਛੱਡਣ ਸੰਬੰਧੀ ਮੱਖਣ ਸਿੰਘ ਭੈਣੀ ਬਾਘਾ ਅਤੇ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀਆਂ ਡਿਕਟੇਟਰਸ਼ਿਪ ਵਾਲੀਆਂ ਅਤੇ ਗੈਰਜਥੇਬੰਦਕ ਕਾਰਵਾਈਆਂ ਕਾਰਨ ਜਥੇਬੰਦੀ ਨੂੰ ਛੱਡਣ ਦਾ ਫੈਸਲਾ ਲੈਣਾ ਪਿਆ। ਇਸ ਮੌਕੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਨੇ ਨਵੇਂ ਸ਼ਾਮਲ ਹੋਏ ਕਿਸਾਨਾਂ ਨੂੰ ਜਥੇਬੰਦੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਸੂਰਜਮੁਖੀ ਦੀ ਐਮ ਐੱਸ ਪੀ ਲੈਣ ਲਈ ਸੰਘਰਸ਼ ਕਰ ਰਹੇ ਹਰਿਆਣਾ ਦੇ ਕਿਸਾਨਾਂ ਤੇ ਸਰਕਾਰ ਵੱਲੋਂ ਢਾਹੇ ਜ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਐਲਾਨ ਕੀਤਾ ਕਿ ਕੱਲ੍ਹ 12 ਜੂਨ ਨੂੰ ਪਿੱਪਲੀ ਵਿਖੇ, ਖੱਟਰ ਸਰਕਾਰ ਖ਼ਿਲਾਫ਼ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਉਹ ਸੈਂਕੜੇ ਕਿਸਾਨਾਂ ਨਾਲ ਸ਼ਾਮਲ ਹੋਣਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ,ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ,ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ,ਮਾਨਸਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸ਼ਰਮਾ ਖਿਆਲਾ, ਸਾਹਿਬ ਸਿੰਘ ਬਡਬਰ, ਲਖਵੀਰ ਸਿੰਘ ਅਕਲੀਆ ਅਤੇ ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਲਖਵੀਰ ਸਿੰਘ ਅਕਲੀਆ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ, ਮਹਿੰਦਰ ਸਿੰਘ ਦਿਆਲਪੁਰਾ ਅਤੇ ਮੱਖਣ ਸਿੰਘ ਭੈਣੀ ਬਾਘਾ ਨੂੰ ਸੂਬਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਸੂਬਾ ਕਮੇਟੀ ਵੱਲੋਂ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਆਗੂਆਂ ਨੂੰ ਜਥੇਬੰਦੀ ਦੇ ਬੈਜ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

error: Content is protected !!