Gee 98News

ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਫੇਰ ਹੋਗੇ ਮਿਹਣੋ-ਮਿਹਣੀ,36 ਦਾ ਅੰਕੜਾ ਬਰਕਰਾਰ

ਚੰਡੀਗੜ੍ਹ,12 ਜੂਨ-ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਇੱਕ ਵਾਰ ਫੇਰ ਆਹਮੋ-ਸਾਹਮਣੇ ਹਨ । ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ 36 ਦਾ ਅੰਕੜਾ ਬਣਿਆ ਹੋਇਆ ਹੈ । ਕੁਝ ਦਿਨਾਂ ਦੀ ਚੁੱਪਚਾਪ ਤੋਂ ਬਾਅਦ ਕੋਈ ਨਾ ਕੋਈ ਮੁੱਦਾ ਨਿਕਲ ਆਉਂਦਾ ਹੈ ਜਿਸ ਉਪਰ ਗਵਰਨਰ ਅਤੇ ਮੁੱਖ ਮੰਤਰੀ ਇਕ ਦੂਜੇ ਨਾਲ ਮਿਹਣੋ-ਮਿਹਣੀ ਹੁੰਦੇ ਹਨ । ਇਸ ਵਾਰ ਸ਼ੁਰੂਆਤ ਮੁੱਖ ਮੰਤਰੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ 11 ਜੂਨ ਨੂੰ ਇੱਕ ਰੈਲੀ ‘ਚ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਗਵਰਨਰ ਉੱਤੇ ਦੋਸ਼ ਲਗਾਉਂਦੇ ਹੋਏ ਕੀਤੀ ਹੈ ਕਿ ਸੂਬੇ ਦੀ ਵਿਧਾਨ ਸਭਾ ‘ਚ ਬਜਟ ਸ਼ੈਸ਼ਨ ਦੌਰਾਨ ਪੰਜਾਬ ਦੇ ਗਵਰਨਰ ਨੇ “ਮੇਰੀ ਸਰਕਾਰ” ਕਹਿਣ ਤੋਂ ਨਾਂਹ ਕਰ ਦਿੱਤੀ ਸੀ ਪਰੰਤੂ ਜਦ ਸਰਕਾਰ ਨੇ ਜ਼ੋਰ ਪਾਇਆ ਤਾਂ ਗਵਰਨਰ ਨੂੰ “ਮੇਰੀ ਸਰਕਾਰ” ਕਹਿਣਾ ਪਿਆ । ਮੁੱਖ ਮੰਤਰੀ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਗਵਰਨਰ ਨੇ ਕਿਹਾ ਕਿ “ਵਿਧਾਨ ਸਭਾ ਦਾ ਰਿਕਾਰਡ ਪੇਸ਼ ਕਰੋ, ਜਿਸ ਵਿੱਚ ਉਹਨਾਂ ਨੇ ‘ਮੇਰੀ ਸਰਕਾਰ’ ਨਾ ਬੋਲਿਆ ਹੋਵੇ” । ਗਵਰਨਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਮੁੱਖ ਮੰਤਰੀ ਨੂੰ ਗਵਰਨਰ ਦੇ ਹਰ ਸਵਾਲ ਦਾ ਜਵਾਬ ਦੇਣਾ ਹੋਵੇਗਾ ਕਿਉਂਕਿ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ 10 ਚਿੱਠੀਆਂ ਲਿਖੀਆਂ ਹਨ ਪ੍ਰੰਤੂ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ।

error: Content is protected !!