Gee 98News

ਸਿੱਖਿਆ ਵਿਭਾਗ ‘ਚ ਸਾਲਾਨਾ ਤਰੱਕੀ ਲੈਣ ਸਮੇਂ ਵਿਭਾਗੀ ਪ੍ਰੀਖਿਆ ਦੀ ਸ਼ਰਤ ਖ਼ਤਮ

ਚੰਡੀਗੜ੍ਹ,15 ਜੂਨ-ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਾਲਾਨਾ ਤਰੱਕੀਆਂ ਦੇ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ । ਸਿੱਖਿਆ ਵਿਭਾਗ ਨੇ ਸਾਲਾਨਾ ਤਰੱਕੀਆਂ ਲਈ ਵਿਚਾਰੇ ਜਾਣ ਵਾਲੇ ਕਰਮਚਾਰੀਆਂ ‘ਤੇ ਵਿਭਾਗੀ ਪ੍ਰੀਖਿਆ ਪਾਸ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ । ਇਸ ਪ੍ਰੀਖਿਆ ਨੂੰ ਖਤਮ ਕਰਨ ਪਿੱਛੇ ਤਰਕ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਟੀਚਿੰਗ ਕਾਡਰ ਦੀ ਭਰਤੀ ਸਮੇਂ ਵਿਭਾਗ ਵੱਲੋਂ ਮੁਢਲੀ ਯੋਗਤਾ ਦੇ ਨਾਲ-ਨਾਲ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਤੋਂ ਇਲਾਵਾ ਸਕਰੀਨਿੰਗ ਟੈਸਟ ਵੀ ਲਿਆ ਜਾਂਦਾ ਹੈ, ਇਸ ਉਪਰੰਤ ਸਲਾਨਾ ਤਰੱਕੀ ਦਾ ਲਾਭ ਲੈਣ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ । ਸਿੱਖਿਆ ਮੰਤਰੀ ਨੇ ਕਿਹਾ ਕਿ 2018 ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਵਿੱਚ ਪਹਿਲਾਂ ਕਦੇ ਵੀ ਸਾਲਾਨਾ ਤਰੱਕੀ ਲੈਣ ਲਈ ਅਜਿਹੀ ਕੋਈ ਪ੍ਰੀਖਿਆ ਨਹੀਂ ਲਈ ਗਈ । ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਵੱਖ ਵੱਖ ਤਰਾਂ ਦੇ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਪ੍ਰੀਖਿਆ ਕਰਵਾਉਣ ਲਈ ਆਉਣ ਵਾਲੇ ਖਰਚੇ ਅਤੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ । ਸਿੱਖਿਆ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਵਿਭਾਗੀ ਪਰੀਖਿਆ ਖ਼ਤਮ ਕਰਨ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ ।

error: Content is protected !!