Gee 98News

ਭਾਰਤੀ ਅਥਲੈਟਿਕਸ ਦੀ ਚੋਣ ਕਮੇਟੀ ਦੇ ਚੇਅਰਮੈਨ ਰੰਧਾਵਾ ਨੇ ਦਿੱਤਾ ਅਸਤੀਫਾ

ਚੰਡੀਗੜ੍ਹ,16 ਜੂਨ -ਭਾਰਤ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਵੱਲੋਂ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ 18 ਸਾਲ ਸੇਵਾਵਾਂ ਨਿਭਾਉਣ ਉਪਰੰਤ ਅਸਤੀਫਾ ਦੇਣ ਦਾ ਫੈਸਲਾ ਕੀਤਾ ਗਿਆ। ਓਲੰਪੀਅਨ ਰੰਧਾਵਾ ਨੇ ਬੀਤੇ ਦਿਨੀਂ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੂੰ ਪੱਤਰ ਲਿਖ ਕੇ ਸੇਵਾ ਇੱਛਾ ਨਾਲ ਆਪਣਾ ਅਹੁਦਾ ਛੱਡਣ ਦੇ ਫੈਸਲੇ ਤੋਂ ਜਾਣੂੰ ਕਰਵਾਇਆ। 85 ਵਰਿਆਂ ਨੂੰ ਢੁੱਕੇ ਸ. ਰੰਧਾਵਾ ਨੇ ਆਪਣੇ ਕਾਰਜਕਾਲ ਉਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਵਧਦੀ ਉਮਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਹੁਣ ਆਪਣਾ 100 ਫੀਸਦੀ ਸਮਾਂ ਨਹੀਂ ਦੇ ਸਕਦੇ ਅਤੇ ਮੌਕਾ ਆ ਗਿਆ ਹੈ ਕਿ ਨੌਜਵਾਨ ਅਥਲੀਟਾਂ ਹੱਥ ਜ਼ਿੰਮੇਵਾਰੀ ਸੌਂਪੀ ਜਾਵੇ। ਗੁਰਬਚਨ ਸਿੰਘ ਰੰਧਾਵਾ ਦੇ ਕਾਰਜਕਾਲ ਦੌਰਾਨ ਭਾਰਤੀ ਅਥਲੈਟਿਕਸ ਨੇ ਕਈ ਮੀਲ ਪੱਥਰ ਸਥਾਪਤ ਕੀਤੇ ਹਨ ਅਤੇ ਭਾਰਤੀ ਅਥਲੀਟਾਂ ਵੱਲੋਂ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ ਖੇਡਾਂ, ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਸਣੇ ਵੱਡੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਗਿਆ।ਜ਼ਿਕਰਯੋਗ ਹੈ ਕਿ ਸ. ਰੰਧਾਵਾ ਦੇ ਪਰਿਵਾਰ ਵਿੱਚ ਉਨਾਂ ਦੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ, ਪਤਨੀ ਜਸਵਿੰਦਰ ਤੇ ਪੁੱਤਰ ਰਣਜੀਤ ਸਿੰਘ ਰੰਧਾਵਾ ਜਿੱਥੇ ਅਥਲੀਟ ਰਹੇ ਹਨ ਉਥੇ ਭਰਾ ਹਰਭਜਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਰਹੇ ਹਨ। ਪਿਛਲੇ ਲੰਬੇ ਅਰਸੇ ਤੋਂ ਨਵੀਂ ਦਿੱਲੀ ਵਿਖੇ ਰਹਿੰਦੇ ਓਲੰਪੀਅਨ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਲਿਖੀ ਗਈ। ਪੰਜਾਬ ਸਰਕਾਰ ਵੱਲੋਂ ਸ. ਰੰਧਾਵਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਫਿਜ਼ੀਕਲ ਐਜੂਕੇਸ਼ਨ ਦੀ ਪਾਠ ਪੁਸਤਕ ਵਿੱਚ ਵੀ ਸ਼ਾਮਲ ਕੀਤੀ ਗਈ।

error: Content is protected !!