Skip to main content

Gee 98News

ਮੋਗਾ ਵਿਖੇ ਕਤਲ ਹੋਏ ਸੁਨਿਆਰ ਪਰਮਿੰਦਰ ਸਿੰਘ ਦੇ ਕਾਤਲ ਬਿਹਾਰ ਅਤੇ ਮਹਾਰਾਸ਼ਟਰ ਤੋਂ ਕਾਬੂ

ਬਰਨਾਲਾ/ਮੋਗਾ-ਪਿਛਲੇ ਦਿਨੀਂ ਮੋਗਾ ਵਿਖੇ ਕਤਲ ਹੋਏ ਜਿਊਲਰ ਪਰਮਿੰਦਰ ਸਿੰਘ ਦੇ ਕਾਤਲਾਂ ਨੂੰ ਪੰਜਾਬ ਪੁਲਿਸ ਦੀ AGTF ਅਤੇ ਮੋਗਾ ਪੁਲਿਸ ਨੇ ਬਿਹਾਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਸਾਂਝੇ ਆਪਰੇਸ਼ਨ ਤਹਿਤ ਪਟਨਾ (ਬਿਹਾਰ) ਅਤੇ ਨੰਦੇੜ (ਮਹਾਰਾਸ਼ਟਰ) ਤੋਂ ਗ੍ਰਿਫ਼ਤਾਰ ਕੀਤਾ ਹੈ । ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਚਾਰ ਦੋਸ਼ੀਆਂ ਵਿਚੋਂ ਤਿੰਨ ਨੂੰ ਪਟਨਾ ਬਿਹਾਰ ਤੋਂ ਅਤੇ ਇੱਕ ਨੂੰ ਨਾਂਦੇੜ ਮਹਾਂਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਵਾਸੀ ਬਿਹਾਰ ਅਤੇ ਵਰੁਣ ਜੇਜੀ ਨੂੰ ਵਾਸੀ ਜਲੰਧਰ ਵਜੋਂ ਹੋਈ ਹੈ ਜਿਨ੍ਹਾਂ ਨੂੰ ਬਿਹਾਰ ਦੇ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਗ੍ਰਿਫ਼ਤਾਰ ਕੀਤੇ ਹੋਰ ਮੁਲਜ਼ਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ । ਦੋਸ਼ੀਆਂ ਕੋਲੋਂ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਸਮੇਂ ਪਰਮਿੰਦਰ ਸਿੰਘ ਤੋਂ ਖੋਹਿਆ ਗਿਆ ਉਸਦਾ ਲਾਇਸੈਂਸੀ ਰਿਵਾਲਵਰ ਵੀ ਦੋਸ਼ੀਆਂ ਕੋਲੋਂ ਪੁਲਿਸ ਨੇ ਬਰਾਮਦ ਕੀਤਾ ਹੈ । ਡੀਜੀਪੀ ਦੇ ਦੱਸਣ ਅਨੁਸਾਰ ਸਾਰੇ ਮੁਲਜ਼ਮਾਂ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਨ੍ਹਾਂ ਉਪਰ ਪਹਿਲਾਂ ਵੀ ਪੰਜਾਬ ਅਤੇ ਬਿਹਾਰ ਵੱਖੋ-ਵੱਖ ਧਾਰਾਵਾਂ ਤਹਿਤ ਕਈ ਮੁਕੱਦਮੇ ਦਰਜ ਹਨ । ਇਹਨਾਂ ਵਿਚੋਂ ਇੱਕ ਮੁਲਜ਼ਮ ਰਾਜਵੀਰ ਸਿੰਘ ਜਲੰਧਰ ਦੀ ਅਦਾਲਤ ‘ਚ ਪੇਸ਼ੀ ਦੌਰਾਨ ਪੁਲੀਸ ਹਿਰਾਸਤ ਵਿੱਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਫਰਾਰ ਚੱਲਿਆ ਆ ਰਿਹਾ ਸੀ । ਡੀਜੀਪੀ ਸ੍ਰੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਪੰਜਵੇਂ ਦੋਸ਼ੀ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਸ ਨੂੰ ਬੜੀ ਜਲਦੀ ਫੜ ਲਿਆ ਜਾਵੇਗਾ । ਜ਼ਿਕਰਯੋਗ ਹੈ ਕਿ 12 ਜੂਨ ਨੂੰ ਮੋਗਾ ਵਿਖੇ ਪੰਜ ਅਣਪਛਾਤੇ ਵਿਅਕਤੀਆਂ ਨੇ “ਏਸ਼ੀਆ ਜਿਊਲਰਜ” ਅੰਦਰ ਦਾਖਲ ਹੋ ਕੇ ਹਥਿਆਰਾਂ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ ਅਤੇ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ।

error: Content is protected !!