ਬਰਨਾਲਾ,26 ਜੂਨ ( ਨਿਰਮਲ ਸਿੰਘ ਪੰਡੋਰੀ )-ਜ਼ਿਲ੍ਹੇ ਦੇ ਪਿੰਡ ਢਿੱਲਵਾਂ ਤੋ ਆਰਥਿਕ ਤੰਗੀ,ਗਰੀਬੀ ਅਤੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਚੁੱਕੇ ਮਜਦੂਰ ਨੌਜਵਾਨ ਆਕਾਸ਼ਦੀਪ ਸਿੰਘ ਢਿੱਲਵਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵਿੱਢੇ ਸੰਘਰਸ਼ ਵਿੱਚ ਜਿੱਥੇ 2 ਜੂਨ ਤੋਂ ਤਹਿਸੀਲ ਦਫ਼ਤਰ ਤਪਾ ਦੇ ਗੇਟ ਉੱਤੇ ਪੱਕਾ ਧਰਨਾ ਜਾਰੀ ਹੈ, ਉੱਥੇ 30 ਜੂਨ ਨੂੰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਦੀਆਂ ਤਿਆਰੀਆਂ ਵਜੋਂ ਆਰੰਭ ਕੀਤੀ ਅਰਥੀ ਫੂਕ ਮੁਹਿੰਮ ਤਹਿਤ ਸਥਾਨਕ ਸੇਖਾ ਫਾਟਕ ਉੱਤੇ ਪੰਜਾਬ ਨਿਰਮਾਣ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਮੈਂਬਰ “ਆਕਾਸ਼ਦੀਪ ਇਨਸਾਫ਼ ਦਿਵਾਊ ਕਮੇਟੀ” ਨੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਕਿਸਾਨੀ ਖ਼ੁਦਕੁਸ਼ੀਆਂ ਵਿੱਚ ਪੀੜਤ ਪਰਿਵਾਰ ਨੂੰ ਦਿੱਤੀ ਜਾਂਦੀ ਆਰਥਿਕ ਸਹਾਇਤਾ ਦੀ ਤਰਜ਼ ਉੱਤੇ ਹੀ ਮਜ਼ਦੂਰ ਵਰਗ ਨੂੰ ਵੀ ਖ਼ੁਦਕੁਸ਼ੀਆਂ ਦੇ ਮਾਮਲੇ ਵਿੱਚ ਸਹਾਇਤਾ ਦੇਣ ਦੀ ਮੰਗ ਉਠਾਈ। ਉਹਨਾਂ ਨਿਰਮਾਣ ਮਜਦੂਰਾਂ ਨੂੰ 30 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਨਿਰਮਾਣ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਨੇ ਵੀ ਪੀੜ੍ਹਤ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਭਰੋਸਾ ਦਿੱਤਾ। ਇਸ ਮੌਕੇ ਜੁਗਰਾਜ ਸਿੰਘ ਭਦੌੜ, ਬ੍ਰਾਂਚ ਪ੍ਰਧਾਨ ਜਗਸੀਰ ਸਿੰਘ ਸੀਰਾ,ਜਿਲਾ ਚੇਅਰਮੈਨ ਸੁਖਵਿੰਦਰ ਸਿੰਘ ਬੈਰਾਗੀ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਰਾਜੂ,ਜਿਲਾ ਸਰਪ੍ਰਸਤ ਮਲਕੀਤ ਸਿੰਘ ਬਰਨਾਲਾ, ਬਲਵਿੰਦਰ ਸਿੰਘ ਪੱਪਾ,ਜਗਤਾਰ ਸਿੰਘ ਤਾਰੀ, ਚਮਕੌਰ ਸਿੰਘ ਜ਼ਿਲਾ ਕਮੇਟੀ ਮੈਂਬਰ, ਰੇਸ਼ਮ ਸਿੰਘ ਬ੍ਰਾਂਚ ਚੇਅਰਮੈਨ,ਦਾਰਾ ਸਿੰਘ ਜ਼ਿਲਾ ਆਗੂ,ਦਲੀਪ ਕੁਮਾਰ ਜਰਨਲ ਸਕੱਤਰ ਪੀ, ਓ,ਪੀ, ਅਤੇ ਪਰਮੋਦ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਮਿਸਤਰੀ ਅਤੇ ਮਜ਼ਦੂਰ ਹਾਜ਼ਰ ਸਨ।










